Cold wave Punjab-Haryana : ਚੰਡੀਗੜ੍ਹ : ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਬਣੀ ਰਹੀ, ਇਥੋਂ ਤਕ ਕਿ ਸਵੇਰ ਵੇਲੇ ਧੁੰਦ ਦੀ ਇੱਕ ਸੰਘਣੀ ਪਰਤ ਦੋਵਾਂ ਰਾਜਾਂ ਵਿੱਚ ਛਾਈ ਰਹੀ। ਘੱਟੋ-ਘੱਟ ਤਾਪਮਾਨ ਜ਼ਿਆਦਾਤਰ ਥਾਵਾਂ ‘ਤੇ ਆਮ ਨਾਲੋਂ ਹੇਠਾਂ ਆ ਗਿਆ, ਹਾਲਾਂਕਿ ਮੰਗਲਵਾਰ ਦੇ ਤਾਪਮਾਨ ਦੇ ਮੁਕਾਬਲੇ ਮਾਮੂਲੀ ਵਾਧਾ ਹੋਇਆ ਹੈ। ਅੰਮ੍ਰਿਤਸਰ 1.8 ਡਿਗਰੀ ਸੈਲਸੀਅਸ ਦੇ ਘੱਟੋ ਘੱਟ ਤਾਪਮਾਨ ਨਾਲ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਰਿਹਾ। ਉਥੇ ਹੀ ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਅਗਲੇ ਦੋ ਦਿਨ ਮੌਸਮ ਸਾਫ ਰਹਿਣ ਦੀ ਉਮੀਦ ਹੈ ਇਸ ਨਾਲ ਤਾਪਮਾਨ ਵਿੱਚ ਇੱਕ ਡਿਗਰੀ ਵਾਧਾ ਹੋ ਸਕਦਾ ਹੈ। 2 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਠਿੰਡਾ, ਫਰੀਦਕੋਟ ਅਤੇ ਆਦਮਪੁਰ ਵਿੱਚ ਵੀ ਭਾਰੀ ਠੰਡ ਰਹੀ ਅਤੇ ਘੱਟੋ-ਘੱਟ ਤਾਪਮਾਨ 2.2, 2.3 ਅਤੇ 2.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਗੁਰਦਾਸਪੁਰ, ਲੁਧਿਆਣਾ, ਪਠਾਨਕੋਟ ਅਤੇ ਪਟਿਆਲਾ ਵਿੱਚ ਘੱਟੋ ਘੱਟ ਤਾਪਮਾਨ 4.7, 5.5, 5.1 ਅਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਰਾਤ ਦੀ ਠੰਡ 4.6 ਡਿਗਰੀ ਸੈਲਸੀਅਸ ਰਹੀ।
ਨਾਰਨੌਲ ਹਰਿਆਣਾ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿਥੇ ਘੱਟੋ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਹਿਸਾਰ, ਸਿਰਸਾ ਅਤੇ ਭਿਵਾਨੀ ਵਿੱਚ ਵੀ ਘੱਟੋ-ਘੱਟ ਤਾਪਮਾਨ 3.7, 3.6 ਅਤੇ 3.9 ਡਿਗਰੀ ਸੈਲਸੀਅਸ ਰਿਹਾ। ਅੰਬਾਲਾ ਅਤੇ ਕਰਨਾਲ ਵਿਚ ਵੀ ਠੰਡੀ ਰਾਤ ਰਹੀ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ ਕ੍ਰਮਵਾਰ 4.2 ਅਤੇ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰੋਹਤਕ ਨੂੰ ਛੱਡ ਕੇ ਸਵੇਰੇ ਕੋਹਰੇ ਦੀ ਇੱਕ ਸੰਘਣੀ ਚਾਦਰ ਨੇ ਦੋਵਾਂ ਰਾਜਾਂ ਨੂੰ ਲਪੇਟ ਵਿੱਚ ਲੈ ਲਿਆ, ਜਿਸ ਨਾਲ ਵਿਜ਼ੀਬਿਲਟੀ ਦੇ ਪੱਧਰ ਵਿੱਚ ਕਮੀ ਆਈ।