The wrath of : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੁਆਰਾ ਸਿਰਜੀ ਗਈ ਪੋਹ ਮਹੀਨੇ ਦੀ ਦਾਸਤਾਨ ਦਾ ਦੁਨੀਆ ਦੇ ਇਤਿਹਾਸ ‘ਚ ਕੋਈ ਹੋਰ ਸਾਨੀ ਨਹੀਂ। ਇਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਬੇਅੰਤ ਸਿੰਘ ਸ਼ਹੀਦੀਆਂ ਪਾ ਗਏ। ਇਹ ਸ਼ਹੀਦੀਆਂ ਜਬਰ, ਜੁਲਮ, ਅਨਿਆਂ ਤੇ ਧੱਕੇਸ਼ਾਹੀ ਦਾ ਖਾਤਮਾ ਕਰਕੇ ਧਰਤੀ ਉੱਪਰ ਸੱਚਾਈ, ਨੇਕੀ, ਦਇਆ ਤੇ ਪਰਉਪਕਾਰ ਵਾਲੇ ਹਲੀਮੀ ਰਾਜ ਦੀ ਸਥਾਪਤੀ ਲਈ ਦਿੱਤੀਆਂ ਗਈਆਂ ਸ਼ਹੀਦੀਆਂ ਹਨ। ਸਿੱਖ ਪੰਥ ਅੰਦਰ ਇਨ੍ਹਾਂ ਨੂੰ ‘ਸ਼ਹੀਦੀ ਸਾਕਾ ਚਮਕੌਰ’ ਅਤੇ ‘ਸ਼ਹੀਦੀ ਸਾਕਾ ਸਰਹਿੰਦ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਸ਼ਹੀਦੀ ਸਾਕਾ ਚਮਕੌਰ ‘ਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਆਪ ਜੰਗ ਦੇ ਮੈਦਾਨ ਵੱਲ ਤੋਰਦੇ ਹਨ ਅਤੇ ਸਾਹਿਬਜ਼ਾਦਿਆਂ ਵੱਲੋਂ ਸ਼ਹਾਦਤ ਪਾਉਣ ‘ਤੇ ਜੈਕਾਰੇ ਗਜਾਉਂਦੇ ਹਨ।
ਸਾਕਾ ਸਰਹਿੰਦ ‘ਚ ਦਾਦੀ ਗੁਜਰੀ ਜੀ ਆਪਣੇ ਹੱਥੀਂ ਪੋਤਰਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਨੂੰ ਸ਼ਹੀਦੀ ਪਾਉਣ ਲਈ ਤਿਆਰ ਕਰਕੇ ਭੇਜਦੇ ਹਨ। ਉਮਰ ਦੇ ਤਕਾਜ਼ੇ ਨਾਲ ਸਾਕਾ ਸਰਹਿੰਦ ਇਸ ਦੁਨੀਆ ਦੇ ਇਤਿਹਾਸ ‘ਚ ਹੈਰਾਨ ਕਰ ਦੇਣ ਵਾਲਾ ਸਾਕਾ ਹੈ। ਪੰਜ ਸਾਲ ਅਤੇ ਸੱਤ ਸਾਲ ਦੀ ਉਮਰ ਹੋਵੇ, ਇਕ ਪਾਸੇ ਦੋਵੇਂ ਸਾਹਿਬਜ਼ਾਦੇ ਇਕੱਲੇ ਅਤੇ ਦੂਜੇ ਪਾਸੇ ਸੂਬੇ ਦੀ ਕਚਿਹਰੀ ਹੋਵੇ,ਹਰ ਤਰ੍ਹਾਂ ਦੇ ਲਾਲਚ, ਡਰਾਵੇ, ਤਸੀਹੇ ਦੇ ਕੇ ਜ਼ਾਲਮ ਹਾਰ ਜਾਵੇ ਪਰ ਸਾਹਿਬਜ਼ਾਦੇ ਸਿੱਖੀ ਸਿਧਾਂਤਾਂ ਉਪਰ ਦ੍ਰਿੜਤਾ ਨਾਲ ਪਹਿਲਾ ਦਿੰਦੇ ਹੋਏ ਸ਼ਹੀਦੀਆਂ ਪਾ ਜਾਣ, ਅਜਿਹੀ ਮਿਸਲਾ ਕਿਤੇ ਹੋਰ ਨਹੀਂ ਮਿਲਦੀ ਸਿਰ ਝੁਕ ਜਾਂਦਾ ਹੈ ਇਨ੍ਹਾਂ ਮਹਾਨ ਸ਼ਹਾਦਤਾਂ ਸਾਹਮਣੇ।
ਪੁਰਾਣੇ ਸਮਿਆਂ ‘ਚ ਸਾਡੇ ਬਜ਼ੁਰਗ ਇਨ੍ਹਾਂ ਸ਼ਹਾਦਤਾਂ ਨੂੰ ਸਿਜਦਾ ਕਰਨ ਲਈ ਪੋਹ ਦੇ ਇਨ੍ਹਾਂ ਦਿਨਾਂ ‘ਚ ਆਪਣੇ ਘਰਾਂ ‘ਚ ਕੋਈ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦਾ ਸਮਾਗਮ ਨਹੀਂ ਰੱਖਦੇ ਸਨ। ਇਹ ਸੱਤ ਰਾਤਾਂ ਉਹ ਮੰਜੇ ਉਪਰ ਨਹੀਂ ਸੌਂਦੇ ਸਨ। ਜ਼ਮੀਨ ‘ਤੇ ਬਿਸਤਰਾ ਵਿਛਾ ਕੇ, ਉਪਰ ਹਲਕਾ ਕੱਪੜਾ ਲੈ ਕੇ ਉਸ ਸਮੇਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਸਨ ਕਿ ਕਿਵੇਂ ਬਜ਼ੁਰਗ ਮਾਤਾ ਤੇ ਛੋਟੇ ਲਾਲਾਂ ਨੇ ਠੰਡੇ ਬੁਰਜ ‘ਚ ਬਿਨਾਂ ਬਿਸਤਰੇ ਤੋਂ ਇਹ ਰਾਤਾਂ ਗੁਜ਼ਾਰੀਆਂ। ਮਸਲਾ ਕੋਈ ਇੱਕ ਰਾਤ ਦਾ ਨਹੀਂ ਸੀ ਸੱਤ ਰਾਤਾਂ ਸਨ। ਜ਼ਮੀਨ ‘ਤੇ ਸੌਣਾ ਅਸਲ ‘ਚ ਆਪਣੀ ਪੀੜੀ ਨੂੰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਅਤੇ ਉਨ੍ਹਾਂ ਵੱਲੋਂ ਦ੍ਰਿੜਤਾ ਨਾਲ ਗੁਰਮਿਤ ਵਿਚਾਰਧਾਰਾ ਨੂੰ ਨਿਭਾਉਣ ਵਾਲੇ ਇਸ ਮਹਾਨ ਸਾਕੇ ਦੇ ਵਾਪਰਨ ਦਾ ਅਹਿਸਾਸ ਕਰਵਾਉਣਾ ਹੈ।