Comrade Balwinder Singh’s murder ‘mastermind’ : ਪੰਜਾਬ ਵਿਚ ਅੱਤਵਾਦ ਦੇ ਦੌਰ ਦੌਰਾਨ ਅੱਤਵਾਦੀਆ ਖਿਲਾਫ ਲੜਨ ਵਾਲੇ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਵਾਲੇ ਸ਼ੌਰਿਆਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਜਾਂਚ ਬਲਵਿੰਦਰ ਸਿੰਘ ਹੱਤਿਆ ਮਾਮਲੇ ਵਿੱਚ ਮਾਸਟਰਮਾਈਂਡ ਮੰਨੇ ਜਾਣ ਵਾਲੇ ਏ ਕੈਟਾਗਰੀ ਦੇ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿਖਾਰੀਵਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨਾਲ ਮਾਮਲੇ ਵਿਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਸੁੱਖ ਭਿਖਾਰੀਵਾਲਾ ਨੂੰ ਇਥੇ ਟਰਾਂਜਿਟ ਰਿਮਾਂਡ ‘ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਗੁਰਜੀਤ ਸਿੰਘ ਅਤੇ ਸੁਖ਼ਦੀਪ ਸਿੰਘ ਨੇ ਗੈਂਗਸਟਰ ਭਿਖ਼ਾਰੀਵਾਲ ਦੇ ਕਹਿਣ ’ਤੇ ਕਾਮਰੇਡ ਸੰਧੂ ਦਾ ਕਤਲ ਕੀਤਾ ਸੀ।
ਦੱਸ ਦਈਏ ਕਿ ਸੁਖ ਭਿਖਾਰੀਵਾਲਾ ਨੂੰ ਦਿੱਲੀ ਏਅਰ ਪੋਰਟ ਤੋਂ ਕਾਬੂ ਕੀਤਾ ਗਿਆ ਹੈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉੱਤਰਣ ਸਾਰ ਹੀ ‘ਰਾਅ’ ਨੇ ਉਸਨੂੰ ਹਿਰਾਸਤ ਵਿੱਚ ਲੈ ਕੇ ਦਿੱਲੀ ਦੇ ਅੱਤਵਾਦ ਵਿਰੋਧੀ ਦਸਤੇ ਭਾਵ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੂੰ ਸੌਂਪ ਦਿੱਤਾ। ਕਿਹਾ ਜਾਂਦਾ ਹੈ ਕਿ ਉਸ ਨੂੰ 8 ਦਸੰਬਰ ਨੂੰ ਦੁਬਈ ਵਿਚ ਨਜ਼ਰਬੰਦ ਕੀਤਾ ਗਿਆ ਸੀ। ਉਹ ਜਾਅਲੀ ਦਸਤਾਵੇਜ਼ਾਂ ਦੇ ਅਧਾਰ ‘ਤੇ ਆਪਣਾ ਪਾਸਪੋਰਟ ਬਣਾ ਕੇ ਦੁਬਈ ਵਿਚ ਰਹਿੰਦਾ ਸੀ ਅਤੇ ਆਪਣੀ ਪਛਾਣ ਬਦਲ ਕੇ ਉਸਨੇ ਹੁਣ ਦਾੜ੍ਹੀ ਵਧਾਈ ਹੋਈ ਹੈ ਅਤੇ ਪੱਗ ਵੀ ਬੰਨ੍ਹੀ ਹੈ। ਇਸ ਤੋਂ ਬਾਅਦ ਉਸ ਨੂੰ ਭਾਰਤ ਭੇਜ ਦਿੱਤਾ ਗਿਆ ਅਤੇ ਇਥੇ ਪਹੁੰਚਣ ‘ਤੇ ਦਿੱਲੀ ਪੁਲਿਸ ਨੇ ਉਸ ਨੂੰ ਏਅਰਪੋਰਟ ‘ਤੇ ਗ੍ਰਿਫਤਾਰ ਕਰ ਲਿਆ।
ਸੁਖ ਭਿਖਾਰੀਵਾਲਾ, ਜੋ ਕਿ ਅਸਲ ਵਿਚ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਦੇ ਪੰਜਾਬ ਵਿਚ ਕਤਲ ਅਤੇ ਲੁੱਟ-ਖੋਹ ਦੇ 10 ਕੇਸ ਦਰਜ ਹਨ। ਉਹ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਦੇ ਸੰਪਰਕ ਵਿੱਚ ਰਿਹਾ ਸੀ। ਇਹ ਕਿਹਾ ਜਾਂਦਾ ਹੈ ਕਿ ਸੁਖ ਭਿਖਾਰੀਵਾਲਾ ਪਾਕਿ ਦੇ ਇਸ਼ਾਰੇ ‘ਤੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਪੰਜਾਬ ਦੇ ਮਾਹੌਲ ਖਰਾਬ ਕਰਵਾਉਣ ਲਈ ਵਾਰਦਾਤਾਂ ਨੂੰ ਫਿਰੌਤੀ ਦੇ ਕੇ ਅੰਜਾਮ ਦਿਵਾਉਂਦਾ ਸੀ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰ ਲੈਣ ਦਾ ਦਾਅਵਾ ਕਰਦਿਆਂ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਲ੍ਹਾਂ ਵਿੱਚ ਜੇਲ੍ਹ ਅੰਦਰ ਬੰਦ ਗੈਂਗਸਟਰ ਰਵਿੰਦਰ ਸਿੰਘ ਅਤੇ ਸੁਖ਼ਦੀਪ ਸਿੰਘ ਸ਼ਾਮਲ ਸਨ, ਸਪੈਸ਼ਲ ਸੈੱਲ ਦਾ ਦਾਅਵਾ ਹੈ ਕਿ ਭਿਖ਼ਾਰੀਵਾਲ ਨੇ ਹੀ ਆਈ.ਐਸ.ਆਈ. ਦੇ ਇਸ਼ਾਰੇ ’ਤੇ ਕਾਮਰੇਡ ਸੰਧੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਪਰ ਪੰਜਾਬ ਪੁਲਿਸ ਨੇ ਅਜੇ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਹੈ।