Jalandhar’s Talhan Sahib : ਗੁਰਦੁਆਰਾ ਤਲੱਣ {ਤਪਸਥਾਨ} ਤਲੱਣ ਪਿੰਡ, ਜਿਲ੍ਹਾ ਜਲੰਧਰ ਪੰਜਾਬ ਵਿੱਚ ਸਥਿਤ ਹੈ । ਹਰ ਐਤਵਾਰ ਦੂਰੋਂ ਨੇੜਿਓਂ ਲੋਕ ਮੱਥਾ ਟੇਕਣ ਆਉਂਦੇ ਹਨ! ਇਹ ਜਗ੍ਹਾ ਜਲੰਧਰ ਤੋਂ 12 ਕਿਲੋਮੀਟਰ ਤੇ ਫਗਵਾੜਾ ਤੋਂ 14 ਕਿਲੋਮੀਟਰ ਦੂਰ ਹੈ । ਗੁਰਦੁਆਰੇ ਵਾਸਤੇ ਜਲੰਧਰ ਤੇ ਫਗਵਾੜਾ ਦੋਵਾਂ ਤਰਫ ਤੋਂ ਜੀ.ਟੀ ਕਰਨਾਲ ਰੋਡ ਨੈਸ਼ਨਲ ਹਾਈਵੇ ਤੋਂ ਜਾ ਸਕਦੇ ਹਨ । ਇਹ ਸਥਾਨ ਤਪਸਥਾਨ ਅਖਵਾਉਂਦਾ ਹੈ ਤੇ ਇਕ ਪਵਿੱਤਰ ਸਥਾਨ ਹੈ । ਇਸ ਸਥਾਨ ‘ਤੇ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਪਹਿਰਾ ਰਹਿੰਦਾ ਹੈ । ਗੁਰਦੁਆਰਾ ਦੀਵਾਨ ਹਾਲ , ਰਸੋਈ, ਅਖੰਡ ਪਾਠ ਹਾਲ, 24 ਕਮਰਿਆ ਦੀ ਸਰਾਂ, ਅੰਮ੍ਰਿਤ ਸਰੋਵਰ, ਟੈਲੀਫੋਨ ਅਕਸਚੇਂਜ, ਪਾਰਕਿੰਗ, ਸੇਵਾਦਾਰਾਂ ਦੇ ਲਈ ਆਰਾਮ ਕਮਰੇ ਤੇ ਸ਼ਹੀਦ ਬਾਬਾ ਨਿਹਾਲ ਸਿੰਘ ਧਰਮਾਰਥ ਹਸਪਤਾਲ ਤਕਰੀਬਨ 30,000 ਵਰਗ ਗਜ ਵਿੱਚ ਬਣਿਆ ਹੋਇਆ ਹੈ । ਗੁਰਦੁਆਰਾ ਮੈਨੇਜਿੰਗ ਕਮੇਟੀ ਦੇ ਕੋਲ 70 ਕਰਮਚਾਰੀ ਹਨ ਤੇ ਉਨ੍ਹਾਂ ਦਾ ਆਪਣਾ ਖ਼ੂਬਸੂਰਤ ਦਫਤਰ ਹੈ । ਪਾਠੀ ਸਿੰਘਾਂ ਨੂੰ ਕਰਮਚਾਰੀਆ ਵਿੱਚ ਨਹੀ ਗਿਣਿਆ ਜਾਂਦਾ ।
ਇਸ ਗੁਰਦੁਆਰੇ ਦੀ ਮਾਨਤਾ ਦੇਸ਼ਾਂ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਹੈ। ਇੱਥੇ ਸ਼ਰਧਾ ਵਜੋਂ ਖਿਡੌਣੇ ਹਵਾਈ ਜਹਾਜ਼ ਭੇਟ ਕੀਤੇ ਜਾਂਦੇ ਹਨ। ਸ਼ਰਧਾਲੂ ਦੂਰੋਂ-ਦੂਰੋਂ ਇੱਥੇ ਆਉਂਦੇ ਹਨ ਤੇ ਉਨ੍ਹਾਂ ਕੋਲ ਕੋਈ ਨਾ ਕੋਈ ਖਿਡੌਣਾ ਹਵਾਈ ਜਹਾਜ਼ ਇਸ ਗੁਰੂਘਰ ਚ ਭੇਟ ਕਰਨ ਲਈ ਜ਼ਰੂਰ ਹੁੰਦਾ ਹੈ। ਦੂਜੇ, ਉਹ ਇੱਥੇ ਆ ਕੇ ਖ਼ਾਸ ਅਰਦਾਸ ਇਹ ਕਰਦੇ ਹਨ ਕਿ ਉਹ ਛੇਤੀ ਤੋਂ ਛੇਤੀ ਵਿਦੇਸ਼ ਰਵਾਨਾ ਹੋ ਸਕਣ ਤੇ ਉਨ੍ਹਾਂ ਦਾ ਕਿਸੇ ਪੱਛਮੀ ਦੇਸ਼ ਦਾ ਵੀਜ਼ਾ ਤੁਰੰਤ ਲੱਗ ਜਾਵੇ।
ਇਸੇ ਆਸ 'ਚ ਉਹ ਗੁਰਦੁਆਰੇ ਮੱਥਾ ਟੇਕਣ ਆਉਂਦੇ ਹਨ ਤੇ ਖਿਡੌਣੇ ਹਵਾਈ ਜਹਾਜ਼ ਚੜ੍ਹਾਉਂਦੇ ਹਨ। ਜਦੋਂ ਤੁਸੀਂ ਤੱਲ੍ਹਣ ਦੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਣ ਲੱਗਦੇ ਹੋ, ਤਾਂ ਤੁਹਾਨੂੰ ਉੱਥੇ ਆਇਲਟਸ ਕੋਰਸ ਅਤੇ ਸਪੋਕਨ ਇੰਗਲਿਸ਼ ਦੇ ਵੱਡੇ-ਵੱਡੇ ਬੋਰਡ ਵੀ ਵਿਖਾਈ ਦੇਣਗੇ। ਹੇਠਾਂ ਖਿਡੌਣਿਆਂ ਦੀਆਂ ਦੁਕਾਨਾਂ ਹਨ, ਜਿੱਥੋਂ ਸ਼ਰਧਾਲੂ ਖਿਡੌਣਾ ਹਵਾਈ ਜਹਾਜ਼ ਜਾਂ ਕੋਈ ਹੋਰ ਖਿਡੌਣਾ ਗੁਰੂਘਰਚ ਭੇਟ ਕਰਨ ਲਈ ਖ਼ਰੀਦਦੇ ਹਨ।
ਤੱਲ੍ਹਣ ਵਿਖੇ ਬਣਿਆ ਗੁਰਦੁਆਰਾ ਸਾਹਿਬ ਸ਼ਹੀਦ ਨਿਹਾਲ ਸਿੰਘ ਨੂੰ ਸਮਰਪਿਤ ਹੈ, ਜੋ ਇੱਕ ਤਰਖਾਣ ਸਨ, ਜੋ ਖੂਹਾਂ ਲਈ ਚਰਖੀਆਂ (ਪੁਲ਼ੀਆਂ) ਬਣਵਾਉਂਦੇ ਸਨ ਤੇ ਇੱਕ ਦਿਨ ਉਹ ਇੱਕ ਚਰਖੀ ਫਿ਼ੱਟ ਕਰਦੇ ਸਮੇਂ ਖੂਹ ਚ ਡਿੱਗ ਕੇ ਸ਼ਹੀਦ ਹੋ ਗਏ ਸਨ। ਇਸ ਗੁਰੂ ਘਰ ‘ਚ ਵੱਡੀ ਗਿਣਤੀ ਚ ਖਿਡੌਣੇ ਮੌਜੂਦ ਹਨ। ਇਸ ਗੁਰਦੁਆਰਾ ਸਾਹਿਬ ‘ਚ ਲੋਕ ਗੁੱਡਾ ਵੀ ਖ਼ਾਸ ਤੌਰ ਤੇ ਚੜ੍ਹਾਉਣ ਲਈ ਆਉਂਦੇ ਹਨ। ਅਸਲ ‘ਚ, ਅਜਿਹਾ ਕਰਦੇ ਸਮੇਂ ਉਹ ਇਹੋ ਅਰਦਾਸ ਕਰਦੇ ਹਨ ਕਿ ਉਨ੍ਹਾਂ ਘਰ ਔਲਾਦ ਲੜਕਾ ਹੀ ਹੋਵੇ। ਇੰਝ ਹੀ ਚੰਗੀ ਸਿਹਤ ਲਈ ਖਿਡੌਣੇ ਘੋੜੇ ਚੜ੍ਹਾਏ ਜਾਂਦੇ ਹਨ। ਇੱਥੇ ਚੜ੍ਹਨ ਵਾਲੇ ਖਿਡੌਣੇ ਹਵਾਈ ਜਹਾਜ਼ ਵੀ ਵੱਖੋ-ਵੱਖਰੇ ਆਕਾਰਾਂ ਤੇ ਰੰਗਾਂ ਦੇ ਹੁੰਦੇ ਹਨ। ਇੱਥੇ ਜਿ਼ਆਦਾ ਗਿਣਤੀ ਹਵਾਈ ਜਹਾਜ਼ਾਂ ਦੀ ਹੀ ਹੈ ਕਿਉਂਕਿ ਬਹੁਤੇ ਲੋਕ ਪੱਛਮੀ ਦੇਸ਼ਾਂ `ਚ ਜਾਣ ਦੀ ਅਰਦਾਸ ਲੈ ਕੇ ਹੀ ਇੱਥੇ ਆਉਂਦੇ ਹਨ।