Out of House of Tikshan Sood : ਹੁਸ਼ਿਿਆਰਪੁਰ : ਦਿੱਲੀ ਬਾਰਡਰ ‘ਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਕਿਸਾਨ ਅੰਦੋਲਨ ਦਾ 37ਵਾਂ ਦਿਨ ਹੈ। ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਕੜਾਕੇ ਦੀ ਠੰਡ ਵਿੱਚ ਸੰਘਰਸ਼ ਕਰ ਰਹੇ ਹਨ ਤਾਂ ਇਸ ਦੌਰਾਨ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਸ੍ਰੀ ਤੀਕਸ਼ਣ ਸੂਦ ਵੱਲੋਂ ਵਿਵਾਦਪੂਰਨ ਬਿਆਨ ਸਾਹਮਣੇ ਆਇਆ, ਜਿਸ ਵਿੱਚ ਆਗੂ ਨੇ ਕਿਹਾ ਕਿ ਕਿਸਾਨ ਤਾਂ ਦਿੱਲੀ ਬਾਰਡਰਾਂ ’ਤੇ ਪਿਕਨਿਕ ਮਨਾਉਣ ਜਾ ਰਹੇ ਹਨ। ਇਸ ‘ਤੇ ਪੰਜਾਬ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸੇ ਤੋਂ ਨਾਰਾਜ਼ ਕੁਝ ਅਣਪਛਾਤੇ ਲੋਕਾਂ ਨੇ ਸੂਦ ਦੀ ਹੁਸ਼ਿਆਰਪੁਰ ਸਥਿਤ ਕੋਠੀ ਅੰਦਰ ਗੋਹਾ ਸੁੱਟ ਗਏ, ਜਿਸ ‘ਤੇ ਭਾਜਪਾ ਦੇ ਆਗੂ ਅਤੇ ਵਰਕਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਆਸ ਲਗਾਏ ਜਾ ਰਹੇ ਹਨ ਕਿ ਸੂਦ ਦੇ ਕਿਸਾਨਾਂ ਲਈ ਦਿੱਤੇ ਵਿਵਾਦਪੂਰਨ ਬਿਆਨਾਂ ਕਾਰਨ ਅਣਪਛਾਤੇ ਲੋਕਾਂ ਨੇ ਅਜਿਹਾ ਕੀਤਾ ਹੈ।
ਉਥੇ ਹੀ ਬੇਗਮਪੁਰਾ ਟਾਈਗਰ ਫ਼ੋਰਸ ਨੇ ਸੂਦ ਦੀ ਇਸ ਟਿੱਪਣੀ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਸਾਨਾਂ ਦੇ ਅਪਮਾਨ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਫੋਰਸ ਦੇ ਆਗੂਆਂ ਨੇ ਕਿਹਾ ਕਿ ਤੀਕਸ਼ਣ ਸੂਦ ਨੇ ਉਕਤ ਬਿਆਨ ਦੇ ਕੇ ਨਾ ਕੇਵਲ ਕਿਸਾਨਾਂ ਦਾ ਅਪਮਾਨ ਕੀਤਾ ਹੈ ਬਲਕਿ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਤੀਕਸ਼ਣ ਸੂਦ ’ਤੇ ਸ਼ਹੀਦ ਕਿਸਾਨਾਂ ਦਾ ਅਪਮਾਨ ਕਰਨ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਤੀਕਸ਼ਣ ਸੂਦ ਆਪਣੇ ਦਿੱਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਦੇ ਨਾਂ ’ਤੇ ਦਿੱਲੀ ਮੋਰਚਾ ਲਾਈ ਬੈਠੇ ਲੋਕਾਂ ਵਿੱਚੋਂ ਵਧੇਰੇ ਅਸਲ ਵਿੱਚ ਪਿਕਨਿਕ ਮਨਾਉਣ ਦਿੱਲੀ ਜਾ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਬਿਆਨ ਵਿੱਚ ਉਨ੍ਹਾਂ ਅੰਦੋਲਨ ਦੀ ਫੰਡਿੰਗ ‘ਤੇ ਸਵਾਲ ਉਠਾਏ ਸਨ ਕਿ ਅੰਦੋਲਨ ਚਲਾਉਣ ਲਈ ਪੈਸਾ ਵਿਦੇਸ਼ਾਂ ਤੋਂ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ‘ਤੇ ਅੱਜ 80 ਕਿਸਾਨ ਸੰਗਠਨਾਂ ਦੀ ਬੈਠਕ ਹੋਵੇਗੀ।ਇਸ ਤੋਂ ਪਹਿਲਾਂ ਕਿਸਾਨ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ‘ਚ ਪੂਰਾ ਹੱਲ ਨਹੀਂ ਨਿਕਲਿਆ। 4 ਜਨਵਰੀ ਦੀ ਬੈਠਕ ਤੋਂ ਪਹਿਲਾਂ ਕਿਸਾਨ ਅਗਲੀ ਰਣਨੀਤੀ ਬਣਾਉਣਗੇ। ਪੰਜਾਬ ਵਿੱਚ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੀ ਲਹਿਰ ਨੂੰ 100 ਦਿਨ ਹੋਏ ਹਨ।