CM expressed grief over the death : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਏਮਜ਼ ਦਿੱਲੀ ਵਿਖੇ ਅਕਾਲ ਚਲਾਣਾ ਕਰ ਚੁੱਕੇ ਦਿੱਗਜ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਆਪਣੇ ਸ਼ੋਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਨੁਭਵੀ ਕਾਂਗਰਸੀ ਨੇਤਾ ਅਤੇ ਅੱਠ ਵਾਰ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ, ਸਾਬਕਾ ਕੇਂਦਰੀ ਮੰਤਰੀ, ਬਿਹਾਰ ਦੇ ਸਾਬਕਾ ਰਾਜਪਾਲ ਅਤੇ ਅਨੁਸੂਚਿਤ ਜਾਤੀਆਂ ਦੇ ਸਾਬਕਾ ਚੇਅਰਮੈਨ ਕੌਮੀ ਕਮਿਸ਼ਨ ਦੀ ਮੌਤ ਬਾਰੇ ਜਾਣ ਕੇ ਦੁਖੀ ਹਨ। ਆਪਣੇ ਆਖਰੀ ਸਾਹਾਂ ਤੱਕ ਉਨ੍ਹਾਂ ਨੇ ਸਮਾਜ ਦੇ ਗਰੀਬ ਅਤੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਅਤੇ ਉਨਤੀ ਲਈ ਨਿਰੰਤਰ ਕੋਸ਼ਿਸ਼ ਕੀਤੀ। ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਨੂੰ ਅਰਦਾਸ ਕੀਤੀ ਕਿ ਉਹ ਇਸ ਅਣਸੁਖਾਵੇਂ ਘਾਟੇ ਨੂੰ ਸਹਿਣ ਕਰਨ ਅਤੇ ਵਿਛੜੀ ਰੂਹ ਨੂੰ ਸਦੀਵੀ ਸ਼ਾਂਤੀ ਬਖਸ਼ਣ।
ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸ. ਬੂਟਾ ਸਿੰਘ 86 ਸਾਲਾਂ ਦੇ ਸਨ ਅਤੇ ਕਾਫੀ ਦੇਰ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਜਨਮ 21 ਮਾਰਚ 1934 ਨੂੰ ਪੰਜਾਬ ਦੇ ਜਲੰਧਰ ਦੇ ਪਿੰਡ ਮੁਸਤਫਾਪੁਰ ਵਿਖੇ ਹੋਇਆ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਕੌਮੀ ਪੱਧਰ ਤੇ ਕਾਂਗਰਸ ਦੇ ਕੱਦਾਵਾਰ ਦਲਿਤ ਆਗੂ ਬੂਟਾ ਸਿੰਘ ਨੇ ਕੇਂਦਰੀ ਮੰਤਰੀ, ਬਿਹਾਰ ਦੇ ਰਾਜਪਾਲ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਦੇਸ਼ ਦੀ ਸੇਵਾ ਕੀਤੀ ਹੈ। ਜਲੰਧਰ ਨੇੜਲੇ ਪਿੰਡ ਮੁਸਤਫ਼ਾਪੁਰ ਦੇ ਜੰਮਪਲ ਬੂਟਾ ਸਿੰਘ ਅੱਠ ਵਾਰ ਲੋਕ ਸਭਾ ਲਈ ਚੁਣੇ ਗਏ ਅਤੇ ਗਾਂਧੀ-ਨਹਿਰੂ ਪਰਿਵਾਰ ਦੇ ਵਫ਼ਾਦਾਰ ਆਗੂਆਂ ਵਿਚ ਸ਼ਾਮਲ ਸਨ ।
1977 ‘ਚ ਜਨਤਾ ਲਹਿਰ ਕਾਰਨ ਜਦੋਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਸੀ ਤੇ ਪਾਰਟੀ ਦੋ ਟੁਕੜੇ ਹੋ ਗਈ ਸੀ ਤਾਂ ਸ. ਬੂਟਾ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੇ ਇਕੱਲੇ ਕੌਮੀ ਜਨਰਲ ਸਕੱਤਰ ਵਜੋਂ ਮਿਹਨਤ ਕਰਕੇ ਪਾਰਟੀ ਨੂੰ 1980 ‘ਚ ਦੁਬਾਰਾ ਸੱਤਾ ‘ਚ ਲਿਆਉਣ ‘ਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਸ. ਬੂਟਾ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਰੇਲਵੇ ਮੰਤਰੀ ਤੇ ਖੇਡ ਮੰਤਰੀ ਵਜੋਂ ਵੀ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਸ. ਬੂਟਾ ਸਿੰਘ ਦੇ ਦੇਹਾਂਤ ਨਾਲ ਕਾਂਗਰਸ ਪਾਰਟੀ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।