patiala corona vaccine trailer: ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਕਰਵਾਇਆ ਗਿਆ ਕੋਰੋਨਾ ਵੈਕਸੀਨ ਦਾ ਟੀਕਾਕਰਣ ਅਭਿਆਸ ਸਫ਼ਲਤਾ ਪੂਰਵਕ ਸੰਪੰਨ ਹੋਇਆ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ, ਸਦਭਾਵਨਾ ਹਸਪਤਾਲ ਅਤੇ ਸੀ.ਐਚ.ਸੀ. ਸ਼ੁਤਰਾਣਾ ਵਿਖੇ ਸਿਹਤ ਖੇਤਰ ਨਾਲ ਜੁੜੇ ਡਾਕਟਰਾਂ ਤੇ ਹੋਰ ਅਮਲੇ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਉਣ ਦੀ ਅਜਮਾਇਸ਼ ਸਫ਼ਲਤਾ ਪੂਰਵਕ ਮੁਕੰਮਲ ਕਰ ਲਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਪੰਜਾਬ ‘ਚ ਦੂਜੇ ਪੜਾਅ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਇਸ ਅਭਿਆਸ ਲਈ ਚੁਣਿਆ ਗਿਆ ਤਾਂ ਕਿ ਸਿਹਤ ਪ੍ਰਣਾਲੀ ‘ਚ ਨਵੇਂ ਆਏ ਇਸ ਕੋਵਿਡ ਵੈਕਸੀਨ ਦੇ ਟੀਕਾਕਰਣ ਲਈ ਕੀਤੀ ਗਈ ਤਿਆਰੀ ਨੂੰ ਜਾਂਚਿਆ ਜਾ ਸਕੇ ਤਾਂ ਕਿ ਜੇਕਰ ਕੋਈ ਖਾਮੀ ਰਹਿ ਜਾਵੇ ਤਾਂ ਉਸਨੂੰ ਸਮਾਂ ਰਹਿੰਦੇ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਕੋਵਿਡ ਦੇ ਟੀਕਾਕਰਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਅਜਮਾਇਸ਼ ਵਜੋਂ ਨਿਰਧਾਰਤ ਤਿੰਨੇ ਥਾਵਾਂ ‘ਤੇ 25-25 ਹੈਲਥ ਕੇਅਰ ਵਰਕਰਾਂ, ਜਿਨ੍ਹਾਂ ਨੇ ਆਪਣਾ ਨਾਮ ਪਹਿਲਾਂ ਹੀ ਕੋ-ਵਿਨ ਪੋਰਟਲ ‘ਤੇ ਦਰਜ ਕਰਵਾਇਆ ਹੋਇਆ ਸੀ, ਨੂੰ ਬੁਲਾਇਆ ਗਿਆ ਸੀ, ਜਿੱਥੇ ਕਿ ਟੀਕੇ ਲਗਾਉਣ ਦੀ ਪੂਰੀ ਮੌਕ ਡਰਿਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦੌਰਾਨ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਅਚਨਚੇਤ ਸਿਹਤ ਸਬੰਧੀ ਕੋਈ ਮੁਸ਼ਕਿਲ ਆਉਣ ‘ਤੇ ਹੰਗਾਮੀ ਸਥਿਤੀ ‘ਚ ਮੁਢਲੀ ਸਹਾਇਤਾ ਦੇ ਕੇ ਸੰਭਾਲਣ ਦੇ ਵੀ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਸਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਤੇ ਸਿਵਲ ਸਰਜਨ ਡਾ. ਸਤਿੰਦਰ ਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਅਤੇ ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦੀ ਨਿਗਰਾਨੀ ਹੇਠ ਮੁਕੰਮਲ ਕੀਤੇ ਗਏ ਇਸ ਅਭਿਆਸ ਦਾ ਜਾਇਜ਼ਾ ਲਿਆ। ਏ.ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਰਾਜਿੰਦਰਾ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਪੜਾਅ ਹੇਠ ਕੋਰੋਨਾ ਟੀਕਾਕਰਣ ਇਲੈਕਟ੍ਰਾਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਪਹਿਲਾਂ ਪਛਾਣੇ ਗਏ ਲਾਭਪਾਤਰੀਆਂ, ਜਿਨ੍ਹਾਂ ‘ਚ ਨਿਜੀ ਤੇ ਸਰਕਾਰੀ ਖੇਤਰ ਦੇ ਲਗਪਗ 8800 ਹੈਲਥ ਕੇਅਰ ਵਰਕਰਜ਼, ਨੂੰ ਇਹ ਟੀਕਾ ਲਗਾਇਆ ਜਾਵੇਗਾ। ਇਸ ਤੋਂ ਬਾਅਦ ਦੂਜੇ ਪੜਾਅ ਹੇਠ ਫਰੰਟਲਾਈਨ ਵਰਕਰਜ਼, 50 ਸਾਲ ਤੋਂ ਵੱਧ ਉਮਰ ਤੇ ਗੰਭੀਰ ਬਿਮਾਰੀ ਤੋਂ ਪੀੜਤ ਅਤੇ ਹੋਰ ਲੋਕਾਂ ਨੂੰ ਇਹ ਟੀਕਾ ਲੱਗੇਗਾ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ‘ਕੋਵੀਸ਼ੀਲਡ’, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਡ ਦੀ ‘ਕੋਵੈਕਸੀਨ’ ਤੇ ਕੈਡਿਲਾ ਹੈਲਥਕੇਅਰ ਦੀ ‘ਜਾਇਕੋਵ-ਡੀ’ ਕੋਵਿਡ ਵੈਕਸੀਨ ਭਾਰਤ ‘ਚ ਉਪਲਬਧ ਹੋਵੇਗੀ, ਜਿਸ ਦਾ ਟੀਕਾਕਰਣ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਮਾਂ ਸਾਰਣੀ ਜਾਰੀ ਕੀਤੇ ਜਾਣ ਬਾਅਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਵੈਕਸੀਨ ਨੂੰ ਰੱਖਣ ਲਈ ਪੰਜਾਬ ‘ਚ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਫ਼ਿਰੋਜ਼ਪੁਰ ਵਿਖੇ ਕੋਲਡ ਸਟੋਰ ਬਣਾਏ ਗਏ ਹਨ। ਰਾਜ ‘ਚ ਪਹਿਲੇ ਦੌਰ ‘ਚ 1.5 ਲੱਖ ਹੈਲਥਕੇਅਰ ਵਰਕਰਾਂ ਨੂੰ ਇਹ ਟੀਕਾ ਮੁਫ਼ਤ ਲਗਾਇਆ ਜਾਣਾ, ਜਦੋਂਕਿ ਜ਼ਿਲ੍ਹਾ ਪਟਿਆਲਾ ‘ਚ ਵੀ 8800 ਦੇ ਲਗਪਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ, ਇਸ ਵੈਕਸੀਨ ਲਈ 48 ਕੋਲਡ ਚੇਨ ਸਥਾਨ ਨਿਰਧਾਰਤ ਕੀਤੇ ਗਏ ਹਨ ਅਤੇ 15 ਥਾਵਾਂ, ਜ਼ਿਨ੍ਹਾਂ ‘ਚ 12 ਸਰਕਾਰੀ ਹਸਪਤਾਲ ਤੇ 3 ਪ੍ਰਾਈਵੇਟ ਹਸਪਤਾਲ ਸ਼ਾਮਲ ਹਨ, ਵਿਖੇ 229 (ਏ.ਐਨ.ਐਮ.) ਵੈਕਸੀਨੇਟਰ ਟੀਕਾ ਲਗਾਉਣ ਦੀ ਪ੍ਰਕ੍ਰਿਆ ਪੂਰੀ ਕਰਨਗੇ।
ਡਾ. ਪ੍ਰੀਤੀ ਯਾਦਵ ਨੇ ਹੋਰ ਦੱਸਿਆ ਕਿ ਜਿੱਥੇ ਟੀਕਾ ਲਗਾਇਆ ਜਾਣਾ ਹੈ, ਉਥੇ ਮੈਡੀਕਲ ਅਫ਼ਸਰ ਦੀ ਨਿਗਰਾਨੀ ਹੇਠ 5 ਟੀਕਾਕਰਣ ਅਧਿਕਾਰੀ ਤਾਇਨਾਤ ਹੋਣਗੇ ਜਿਨ੍ਹਾਂ ਵੱਲੋਂ ਪੂਰੀ ਪ੍ਰਕ੍ਰਿਆ ਦੌਰਾਨ ਸਰਕਾਰੀ ਪੋਰਟਲ ਕੋ-ਵਿਨ ‘ਤੇ ਪਹਿਲਾਂ ਦਰਜ ਸਾਰੇ ਲਾਭਪਾਤਰੀਆਂ ਦਾ ਪਛਾਣ ਪੱਤਰ ਵੀ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਵੈਕਸੀਨ ਆਉਣ ਦੇ ਬਾਵਜੂਦ ਵੀ ਇਹਤਿਆਤ ਵਰਤਣੇ ਬੰਦ ਨਾ ਕੀਤੇ ਜਾਣ ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਇਸ ਪ੍ਰਿੰਸੀਪਲ ਡਾ. ਆਰਪੀਐਸ ਸਿਬੀਆ, ਯੂ.ਐਨ.ਡੀ.ਪੀ. ਦੀ ਪ੍ਰਾਜੈਕਟ ਅਫ਼ਸਰ (ਓਪਰੇਸ਼ਨਜ) ਮੀਨਾਕਸ਼ੀ ਦਿਉਲ, ਜਾਵੇਦ ਅਹਿਮਦ, ਵਿਸ਼ਵ ਸਿਹਤ ਸੰਗਠਨ ਤੋਂ ਐਸ.ਐਮ.ਓ. ਡਾ. ਗਗਨ ਸ਼ਰਮਾ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਵੀਨੂ ਗੋਇਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕਾਂਸਲ ਵੀ ਮੌਜੂਦ ਸਨ। ਇਸੇ ਦੌਰਾਨ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ ਨੇ ਸੀ.ਐਚ.ਸੀ. ਸ਼ੁਤਰਾਣਾ ਵਿਖੇ ਐਸ.ਐਮ.ਓ. ਡਾ. ਦਰਸ਼ਨ ਕੁਮਾਰ ਦੀ ਅਗਵਾਈ ਹੇਠ ਕੀਤੇ ਗਏ ਕੋਵਿਡ ਟੀਕਾਕਰਣ ਦੇ ਅਭਿਆਸ ਦਾ ਜਾਇਜ਼ਾ ਲਿਆ। ਪੂਰੇ ਅਭਿਆਸ ਦੌਰਾਨ ਯੂ.ਐਨ.ਡੀ.ਪੀ. ਦੇ ਮੈਨੇਜਰ ਪਵਨਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਵੀ ਮੌਜੂਦ ਰਹੇ।