BJP’s dharna against : ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖਿਲਾਫ ਭਾਰਤੀ ਜਨਤਾ ਪਾਰਟੀ ਦਾ ਧਰਨਾ ਦੋ ਘੰਟਿਆਂ ਵਿੱਚ ਹੀ ਖਤਮ ਹੋ ਗਿਆ। ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਘੰਟਾਘਰ ਚੌਕ ਵਿਖੇ ਇਹ ਧਰਨਾ ਸੋਮਵਾਰ ਸਵੇਰੇ 11 ਵਜੇ ਤੋਂ ਦੁਪਹਿਰ 1:00 ਵਜੇ ਤੱਕ ਚੱਲਿਆ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਐਲਾਨ ਕੀਤਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਦੁਪਹਿਰ 3 ਵਜੇ ਖ਼ਤਮ ਹੋਣ ਵਾਲਾ ਇਹ ਧਰਨਾ ਦੁਪਹਿਰ 1 ਵਜੇ ਤੱਕ ਹੀ ਹੋਵੇਗਾ। ਦੱਸ ਦੇਈਏ ਕਿ ਰਵਨੀਤ ਬਿੱਟੂ ਕਿਸਾਨਾਂ ਲਈ ਵਿਵਾਦਿਤ ਬਿਆਨ ਦੇਣ ਕਾਰਨ ਕਾਫੀ ਸਮੇਂ ਤੋਂ ਸਵਾਲਾਂ ਦੇ ਘੇਰੇ ਵਿੱਚ ਹਨ।
ਮੰਗਲਵਾਰ ਨੂੰ, ਧਰਨਾ ਘੰਟਾਘਰ ਦੀ ਬਜਾਏ ਪੁਲਿਸ ਕਮਿਸ਼ਨਰ ਦਫਤਰ ਵਿਖੇ ਦਿੱਤਾ ਜਾਵੇਗਾ। ਇੱਥੇ ਹਰ ਰੋਜ਼ ਸਵੇਰੇ 11:00 ਵਜੇ ਤੋਂ ਸ਼ਾਮ 3:00 ਵਜੇ ਤੱਕ ਧਰਨਾ ਦਿੱਤਾ ਜਾਵੇਗਾ। ਘੰਟਾਘਰ ਸਥਿਤ ਭਾਜਪਾ ਦੇ ਜਿਲ੍ਹਾ ਦਫਤਰ ਕੋਲ ਸੋਮਵਾਰ ਨੂੰ ਲੱਗੇ ਧਰਨੇ ‘ਚ ਅਗਰ ਨਗਰ, ਹੈਬੋਵਾਲ ਮੰਡਲ ਦੇ ਅਧਿਕਾਰੀ ਮੌਜੂਦ ਸਨ। ਸੋਮਵਾਰ ਨੂੰ ਹੋਏ ਇਸ ਪ੍ਰਦਰਸ਼ਨ ਵਿੱਚ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਿੱਟੂ ਦੇ ਵਿਵਾਦਪੂਰਨ ਬਿਆਨਾਂ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਨੇ ਬਿੱਟੂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ, ਉਦੋਂ ਤੱਕ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਸੋਮਵਾਰ ਨੂੰ ਹੋਏ ਪ੍ਰਦਰਸ਼ਨ ਵਿੱਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮਕੁਮਾਰ ਕਾਤੇਂਦੂ ਸ਼ਰਮਾ, ਮੀਤ ਪ੍ਰਧਾਨ ਸੁਨੀਲ ਮੋਦਗਿਲ, ਮੀਡੀਆ ਇੰਚਾਰਜ ਡਾ: ਸਤੀਸ਼ ਕੁਮਾਰ ਹਾਜ਼ਰ ਸਨ।
ਸ਼ਹਿਰ ਦੇ ਸਾਰੇ ਪਾਸਿਆਂ ਤੋਂ ਘੰਟਾਘਰ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਭਾਜਪਾ ਸੰਸਦ ਮੈਂਬਰ ਬਿੱਟੂ ਦੇ ਭੜਕਾਊ ਬਿਆਨਾਂ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਵਿਚ ਬਿੱਟੂ ‘ਤੇ ਨਿਸ਼ਾਨਾ ਵਿੰਨ੍ਹਿਆ ਸੀ। ਇਸ ਮੌਕੇ ਜਨਰਲ ਸੱਕਤਰ ਰਾਮ ਗੁਪਤਾ, ਜਨਰਲ ਮੰਤਰੀ ਕਾਂਤੇਦੂ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੌਦਗਿਲ, ਯੋਗੇਂਦਰ ਬਹਿਲ, ਅਸ਼ਵਨੀ ਬਹਿਲ, ਹਰਸ਼ ਸ਼ਰਮਾ, ਮਹੇਸ਼ ਸ਼ਰਮਾ ਅਤੇ ਜ਼ਿਲ੍ਹਾ ਸਕੱਤਰ ਯੇਗੇਂਦਰ ਗੋਸਾਈ ਹਾਜ਼ਰ ਸਨ।