ਪੋਹ ਮਹੀਨੇ ਦਾ ਸਿੱਖ ਧਰਮ ‘ਚ ਅਹਿਮ ਮਹੱਤਵ ਹੈ। ਇਹ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਚੱਲਦਾ ਹੈ। ਇਸ ਮਹੀਨੇ ਸੰਨ 1704ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਆਨੰਦਗੜ੍ਹ ਛੱਡ ਦਿੱਤਾ ਸੀ। ਮੁਗਲ ਫੌਜਾਂ ਤੇ Learn the importance : ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਖਾਧੀ ਸਹੁੰ ਨੂੰ ਤੋੜ ਕੇ ਸਿਰਸਾ ਨਦੀ ਕੰਢੇ ਸਿੱਖਾਂ ‘ਤੇ ਹਮਲਾ ਬੋਲ ਦਿੱਤਾ। ਯੁੱਧ ‘ਚ ਬਹੁਤ ਸਾਰੇ ਸਿੱਖ ਯੋਧੇ ਸ਼ਹੀਦੀਆਂ ਪਾਂਦੇ ਹਨ। ਸਿੱਖ ਦੁਸ਼ਮਣ ਦਾ ਘੇਰਾ ਤੋੜ ਕੇ ਅਤਿ ਦੀ ਠੰਡ ‘ਚ ਸਿਰਸਾ ਨਦੀ ਨੂੰ ਪਾਰ ਕਰਦੇ ਹਨ ਪਰ ਇਸ ਸਥਾਨ ‘ਤੇ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ। ਇਸ ਮਗਰੋਂ ਗੰਗੂ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਪੈਸਿਆਂ ਦੇ ਲਾਲਚ ‘ਚ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ ਤੇ ਸੂਬੇਦਾਰ ਵਜੀਰ ਖਾਨ ਵੱਲੋਂ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਵਾ ਕੇ ਸ਼ਹੀਦੀ ਦੇ ਦਿੱਤੀ ਜਾਂਦੀ ਹੈ।
ਦੂਜੇ ਪਾਸੇ ਗੁਰੂ ਜੀ ਦੀ ਅਗਵਾਈ ਹੇਠ ਬਾਕੀ ਦੇ ਸਿੰਘ ਪਿੰਡ ਕੋਟਲਾ ਵਿਚ ਨਿਹੰਗ ਖਾਂ ਦੀ ਹਵੇਲੀ ‘ਚ ਪੁੱਜਦੇ ਹਨ ਪਰ ਇਥੋਂ ਗੁਰੂ ਜੀ ਗਿਣਦੀ ਦੇ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਪੁੱਜਦੇ ਹਨ ਤੇ ਪਿੱਛੇ ਹੀ ਮੁਗਲ ਫੌਜ ਵੀ ਆ ਜਾਂਦੀ ਹੈ। ਮੁਗਲ ਫੌਜ ਗੜ੍ਹੀ ਨੂੰ ਚਾਰੇ ਪਾਸਿਓ ਘੇਰ ਲੈਂਦੀ ਹੈ, ਜਿਥੇ ਦੁਨੀਆ ਦੀ ਇਤਿਹਾਸਕ ਲੜਾਈ ਲੜੀ ਜਾਂਦੀ ਹੈ। ਬਹੁਤ ਸਾਰੇ ਸਿੰਘ ਯੁੱਧ ਦੌਰਾਨ ਸ਼ਹੀਦ ਹੋ ਜਾਂਦੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਵੀ ਵੀਰਤਾ ਦਿਖਾਉਂਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ।
ਗੁਰੂ ਜੀ ਸਿੰਘਾਂ ਦੇ ਕਹਿਣ ‘ਤੇ ਗੜ੍ਹੀ ਛੱਡ ਕੇ ਜੰਡ ਸਾਹਿਬ ਅਤੇ ਬਹਿਲੋਲਪੁਰ ਤੋਂ ਮਾਛੀਵਾੜੇ ਦੇ ਜੰਗਲਾਂ ‘ਚ ਪੁੱਜ ਜਾਂਦੇ ਹਨ ਉਥੇ ਟਿੰਡ ਦਾ ਸਿਰਹਾਣਾ ਲਾ ਕੜਕਦੀ ਠੰਡ ‘ਚ ਰਾਤਾਂ ਗੁਜ਼ਾਰਦੇ ਹਨ। ਇਥੇ ਉਨ੍ਹਾਂ ਨੂੰ ਗਨੀ ਖਾਂ ਤੇ ਨਬੀ ਖਾਂ ਉੱਚ ਦਾ ਪੀਰ ਬਣਾ ਕੇ ਭੇਸ ਬਦਲਾ ਕੇ ਮੁਗਲ ਫੌਜਾਂ ਦੇ ਘੇਰੇ ‘ਚੋਂ ਕੱਢ ਕੇ ਰਾਏਕੋਟਰਾਏ ਕੋਲ ਲੈ ਜਾਂਦੇ ਹਨ, ਜਿਥੇ ਉਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੀ ਖਬਰ ਮਿਲਦੀ ਹੈ। ਉਥੇ ਗੁਰੂ ਮਹਾਰਾਜ ਮੁਗਲ ਫੌਜ ਦੀ ਜੜ੍ਹ ਪੁੱਟਣ ਦਾ ਪ੍ਰਣ ਲੈਂਦੇ ਹਨ। ਇਸ ਤਰ੍ਹਾਂ ਪੋਹ ਦਾ ਸਾਹਾ ਮਹੀਨਾ ਹੀ ਸਿੱਖਾਂ ਦਾ ਜੰਗਾਂ ‘ਚ ਲੰਘ ਜਾਂਦਾ ਹੈ।