A 63 year old farmer reached : ਨਵੀਂ ਦਿੱਲੀ : ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ, ਸੱਤ ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਡੈੱਡਲਾਕ ਬਣਿਆ ਹੋਇਆ ਹੈ। ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਇਨ੍ਹਾਂ ਨੂੰ ਰੱਦ ਕਰਵਾਉਣ ‘ਤੇ ਅੜੇ ਹੋਏ ਹਨ। ਕਿਸਾਨਾਂ ਨੂੰ ਅੰਦੋਲਨ ਵਿੱਚ ਲਗਾਤਾਰ ਸਮਰਥਨ ਮਿਲ ਰਿਹਾ ਹੈ। ਇਸੇ ਦੌਰਾਨ ਟਿਕਰੀ ਬਾਰਡਰ ‘ਤੇ ਇੱਕ ਬਜ਼ੁਰਗ ਕਿਸਾਨ ਦਾ ਜਜ਼ਬਾ ਦੇਖਣ ਨੂੰ ਮਿਲਿਆ ਜੋਕਿ 400 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਵਿੱਚ ਟਿਕਰੀ ਬਾਰਡਰ ’ਤੇ ਪਹੁੰਚਿਆ। ਇਸ 63 ਸਾਲਾ ਬਜ਼ੁਰਗ ਵਿਅਕਤੀ ਨੇ 29 ਦਸੰਬਰ ਨੂੰ ਆਪਣੇ ਜੱਦੀ ਸ਼ਹਿਰ ਭੁਲੱਥ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ 1 ਜਨਵਰੀ ਨੂੰ ਦਿੱਲੀ ਪਹੁੰਚਿਆ ਸੀ, ਅੱਜ ਕਿਸਾਨਾਂ ਆਗੂਆਂ ਨੇ ਉਸ ਨੂੰ ਟਿਕਰੀ ਸਰਹੱਦ ਨੇੜੇ ਸਟੇਜ ‘ਤੇ ਸਨਮਾਨਿਤ ਕੀਤਾ।
ਜਦੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਆਦਮੀ ਨੇ ਕਿਹਾ ਕਿ ਉਸਦਾ ਨਾਮ ‘ਵਾਹਿਗੁਰੂ’ ਹੈ। ਉਨ੍ਹਾਂ ਕਿਹਾ ਕਿ ਉਸ ਨੇ ਦਿੱਲੀ ਪਹੁੰਚ ਕੇ ਸਭ ਤੋਂ ਪਹਿਲਾਂ ਸੀਸ ਗੰਜ ਸਾਹਿਬ, ਰਕਾਬਗੰਜ ਅਤੇ ਬੰਗਲਾ ਸਾਹਿਬ ਦੇ ਗੁਰਦੁਆਰਿਆਂ ਵਿਚ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਸਹਾਇਤਾ ਲਈ ਗਾਜੀਪੁਰ ਸਰਹੱਦ ‘ਤੇ ਗਿਆ। ਉਸ ਨੇ ਕਿਹਾ ਕਿ “ਮੈਂ ਇੱਥੇ ਆਪਣੇ ਦੇਸ਼ ਦੀਆਂ ਸੱਚੀਆਂ ਰੂਹਾਂ ਨੂੰ ਮਿਲਣ ਆਇਆ ਹਾਂ, ਜੋ ਇਸ ਠੰਡੇ ਮੌਸਮ ਵਿੱਚ ਨਵੇਂ ਖੇਤੀ ਕਾਨੂੰਨਾਂ ਵਿਰੋਧ ਕਰ ਰਹੇ ਹਨ। ਪ੍ਰਮਾਤਮਾ ਮੈਨੂੰ ਇਥੇ ਲਿਆਇਆ ਹੈ। ਅਸੀਂ ਇੱਥੇ ਆਪਣੇ ਹੱਕਾਂ ਲਈ ਇਕੱਠੇ ਹੋਏ ਹਾਂ। ਇਹ ਕਾਨੂੰਨ ਸਿਰਫ ਕਾਗਜ਼ ਦਾ ਇੱਕ ਟੁਕੜਾ ਹੈ ਅਤੇ ਉਮੀਦ ਹੈ ਕਿ ਅਸੀਂ ਇਨ੍ਹਾਂ ਨੂੰ ਛੇਤੀ ਹੀ ਰੱਦ ਕਰਵਾਉਣ ਵਿੱਚ ਸਫਲ ਹੋਵਾਂਗੇ।
ਦੱਸ ਦੇਈਏ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਕੱਲ੍ਹ 8 ਜਨਵਰੀ ਨੂੰ ਇੱਕ ਵਾਰ ਫਿਰ ਗੱਲਬਾਦ ਦਾ ਦੌਰ ਚੱਲੇਗਾ। ਪਰ ਇਸ ਤੋਂ ਪਹਿਲਾਂ ਕਿਸਾਨ ਟਰੈਕਟਰ ਰੈਲੀ ਰਾਹੀਂ ਆਪਣੀ ਤਾਕਤ ਦਿਖਾ ਰਹੇ ਹਨ। ਜੇਕਰ ਕੱਲ੍ਹ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਕਿਸਾਨ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣਗੇ। ਉਥੇ ਹੀ ਕੇਐਮਪੀ ਐਕਸਪ੍ਰੈਸ ਵੇਅ ‘ਤੇ ਕਿਸਾਨਾਂ ਦੀ ਟਰੈਕਟਰ ਰੈਲੀ ਜਾਰੀ ਹੈ। ਸਿੰਘੂ ਸਰਹੱਦ ਤੋਂ ਕਿਸਾਨਾਂ ਦਾ ਜੱਥਾ ਪਲਵਲ ਲਈ ਰਵਾਨਾ ਹੋਇਆ ਹੈ। ਇਸ ਦੌਰਾਨ ਸੈਂਕੜੇ ਟਰੈਕਟਰਾਂ ਨਾਲ ਹਜ਼ਾਰਾਂ ਕਿਸਾਨ ਮੌਜੂਦ ਹਨ। ਟਰੈਕਟਰ ਮਾਰਚ ਦੇ ਦੌਰਾਨ 15 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ।