Young people studying : ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ ਡਟਿਆਂ 44 ਦਿਨਾਂ ਦਾ ਲੰਮਾ ਸਮਾਂ ਹੋ ਗਿਆ ਹੈ। ਇਸ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸ਼ਾਮਲ ਹਨ। ਦੇਸ਼-ਵਿਦੇਸ਼ ਵਿੱਚ ਕਿਸਾਨਾਂ ਦੀ ਆਵਾਜ਼ ਗੂੰਜ ਰਹੀ ਹੈ, ਜਿਸ ਦੇ ਚੱਲਦਿਆਂ ਪੰਜਾਬ ਦਾ 22 ਸਾਲਾ ਨੌਜਵਾਨ ਅਮਰੀਕਾ ਦੇ ਟੈਕਸਾਸ ਤੋਂ ਪੜ੍ਹਾਈ ਵਿੱਚ ਛੱਡ ਕੇ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਭਾਰਤ ਵਾਪਿਸ ਪਰਤ ਆਇਆ ਹੈ। ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਨਵਪਾਲ ਸਿੰਘ ਨੇ ਕਿਹਾ ਕਿ ਇਸ ਅੰਦੋਲਨ ਨੇ ਮੈਨੂੰ ਇਥੇ ਆਉਣ ਲਈ ਮਜਬੂਰ ਕਰ ਦਿੱਤਾ।
“ਆਖਰੀ ਵਾਰ ਜਦੋਂ ਮੈਂ ਪਿਛਲੇ ਸਾਲ ਮਾਰਚ ਵਿੱਚ ਘਰ ਆਇਆ ਸੀ, ਜਿਸ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਹੈ, ਇਸ ਲਈ ਮੇਰੀ ਦੁਬਾਰਾ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ ਸੀ,ਪਰ ਜਿਸ ਤਰ੍ਹਾਂ ਇਸ ਵਿਰੋਧ ਨੇ ਦੇਸ਼ ਅਤੇ ਦੁਨੀਆ ਨੂੰ ਪ੍ਰਭਾਵਿਤ ਕਰ ਦਿੱਤਾ ਹੈ, ਮੈਂ ਅੰਦੋਲਨ ਦੂਰ ਨਹੀਂ ਰਹਿ ਸਕਿਆ।” ਨਵਪਾਲ ਸਿੰਘ ਸੋਮਵਾਰ ਨੂੰ ਭਾਰਤ ਆਇਆ ਸੀ ਅਤੇ ਉਦੋਂ ਤੋਂ ਉਹ ਰੋਜ਼ਾਨਾ ਉਹ ਪੰਜਾਬ ਦੇ ਜਲੰਧਰ ਤੋਂ ਸਿੰਘੂ ਬਾਰਡਰ ਆ ਰਿਹਾ ਹੈ। ਉਸ ਨੇ ਕਿਹਾ ਕਿ ਉਹ ਭਾਵੇਂ ਖ਼ੁਦ ਇੱਕ ਕਿਸਾਨ ਨਹੀਂ ਹੈ, ਪਰ ਉਸ ਦੀਆਂ ਜੜ੍ਹਾਂ ਖੇਤੀ ਨਾਲ ਜੁੜੀਆਂ ਹਨ, ਜਿਸ ਨੇ ਉਸ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਦਿੱਤੀ। ਉਸ ਦੇ ਪਿਤਾ ਤੇ ਦਾਦਾ ਜੀ ਕਿਸਾਨ ਹਨ।
ਦੱਸ ਦੇਈਏ ਕਿ ਕਿਸਾਨਾਂ ਤੇ ਕੇਂਦਰ ਦਰਮਿਆਨ ਅੱਜ ਅੱਠਵੇਂ ਦੌਰ ਦੀ ਗੱਲਬਾਤ ਹੋਈ ਪਰ ਇਹ ਵੀ ਬੇਸਿੱਟਾ ਰਹੀ। ਕਿਸਾਨਾਂ ਅਤੇ ਸਰਕਾਰ ਵਿਚਕਾਰ ਅੱਜ ਦੀ ਬੈਠਕ ਵੀ ਬੇਸਿੱਟਾ ਰਹੀ ਹੈ। ਅੱਜ ਦੀ ਇਹ ਮੁਲਾਕਾਤ ਤਕਰੀਬਨ 3 ਘੰਟੇ ਚੱਲੀ ਹੈ। ਹੁਣ 15 ਜਨਵਰੀ ਨੂੰ ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਇੱਕ ਵਾਰ ਫਿਰ ਮੀਟਿੰਗ ਹੋਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਣਜ ਅਤੇ ਖੁਰਾਕ ਮੰਤਰੀ ਪਿਯੂਸ਼ ਗੋਇਲ ਅਤੇ ਵਣਜ ਰਾਜ ਮੰਤਰੀ ਅਤੇ ਪੰਜਾਬ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਤਕਰੀਬਨ 40 ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵਿਗਿਆਨ ਭਵਨ ਵਿਖੇ ਗੱਲਬਾਤ ਕੀਤੀ ਪਰ ਉਸ ਦਾ ਕੋਈ ਹੱਲ ਨਹੀਂ ਨਿਕਲਿਆ।