BJP MLA Madan Dilawar says: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 46ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ । ਇਸ ਨੂੰ ਲੈ ਕੇ ਰਾਜਸਥਾਨ ਦੇ ਭਾਜਪਾ ਵਿਧਾਇਕ ਮਦਨ ਦਿਲਾਵਰ ਨੇ ਵਿਵਾਦਿਤ ਟਿੱਪਣੀ ਕੀਤੀ ਹੈ।
ਦਰਅਸਲ, ਮਦਨ ਦਿਲਾਵਰ ਨੇ ਕਿਸਾਨ ਅੰਦੋਲਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕੁਝ ਕਿਸਾਨ ਅੰਦੋਲਨ ਕਰ ਰਹੇ ਹਨ । ਇਹ ਕਿਸਾਨ ਕਿਸੇ ਵੀ ਅੰਦੋਲਨ ਵਿੱਚ ਹਿੱਸਾ ਨਹੀਂ ਲੈ ਰਹੇ ਹਨ ਸਗੋਂ ਖਾਲੀ ਸਮੇਂ ਵਿੱਚ ਚਿਕਨ ਬਰਿਆਨੀ ਅਤੇ ਡਰਾਈ ਫਰੂਟਸ ਦਾ ਆਨੰਦ ਲੈ ਰਹੇ ਹਨ । ਇਹ ਬਰਡ ਫਲੂ ਫੈਲਾਉਣ ਦੀ ਸਾਜਿਸ਼ ਹੈ। ਇਸ ਤੋਂ ਅੱਗੇ ਦਿਲਾਵਰ ਨੇ ਕਿਹਾ ਕਿ ਕਿਸਾਨਾਂ ਵਿੱਚ ਅੱਤਵਾਦੀ, ਲੁਟੇਰੇ ਅਤੇ ਚੋਰ ਹੋ ਸਕਦੇ ਹਨ ਅਤੇ ਉਹ ਕਿਸਾਨਾਂ ਦੇ ਦੁਸ਼ਮਣ ਵੀ ਹੋ ਸਕਦੇ ਹਨ । ਇਹ ਸਾਰੇ ਲੋਕ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹਨ । ਜੇਕਰ ਸਰਕਾਰ ਉਨ੍ਹਾਂ ਨੂੰ ਅੰਦੋਲਨ ਵਾਲੀਆਂ ਥਾਂਵਾਂ ਤੋਂ ਨਹੀਂ ਹਟਾਉਂਦੀ ਹੈ ਤਾਂ ਬਰਡ ਫਲੂ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ।
ਦੱਸ ਦੇਈਏ ਕਿ ਦਿੱਲੀ ਵਿੱਚ ਪਿਛਲੇ ਡੇਢ ਮਹੀਨੇ ਤੋਂ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਲਗਾਤਾਰ ਗੱਲਬਾਤ ਕਰ ਕੇ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਇਸ ਵਿਚਾਲੇ ਭਾਜਪਾ ਨੇਤਾ ਦਾ ਇਹ ਵਿਵਾਦਿਤ ਬਿਆਨ ਰਾਜਨੀਤੀ ਨੂੰ ਗਰਮਾਉਣ ਵਾਲਾ ਹੈ । ਮਦਨ ਦਿਲਾਵਰ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਮਦਨ ਦਿਲਾਵਰ ਦੇ ਇਸ ਬਿਆਨ ਦੀ ਕਿਸਾਨ ਆਗੂਆਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ । ਕਿਸਾਨ ਆਗੂਆਂ ਵੱਲੋਂ ਮਦਨ ਦਿਲਾਵਰ ‘ਤੇ ਫਿਰਕੂ ਸਦਭਾਵਨਾ ਭੰਗ ਕਰਨ ਦਾ ਵੀ ਦੋਸ਼ ਲਗਾਇਆ ਹੈ । ਆਲ ਇੰਡੀਆ ਕਿਸਾਨ ਮਹਾਂਸਭਾ ਦੇ ਸੂਬਾ ਮੀਤ ਪ੍ਰਧਾਨ ਦਲੀਚੰਦ ਬੋਰਦਾ ਨੇ ਮਦਨ ਦਿਲਾਵਰ ਦੇ ਦਿੱਤੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਬੋਰਦਾ ਨੇ ਕਿਹਾ ਕਿ ਮਦਨ ਦਿਲਾਵਰ ਅਤੇ ਭਾਜਪਾ ਨੇਤਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਗ਼ੈਰ-ਜਮਹੂਰੀ ਬਿਆਨ ਦੇ ਕੇ ਕਿਸਾਨੀ ਲਹਿਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਭਾਜਪਾ ਨੇਤਾਵਾਂ ਦੇ ਬਿਆਨ ਅੰਦੋਲਨ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ।