Guru Amar Das : ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਲੱਛਮੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਅਮਰਦਾਸ ਜੀ ਪੱਕੇ ਵੈਸ਼ਨੂੰ ਮੱਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ।
ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ, ਜਿਸ ਤੋਂ ਇਹ ਪ੍ਰਭਾਵਿਤ ਹੋਏ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ।
ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।