Education department releases : ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 9ਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨਵੇਂ ਕਿੱਤਾਮੁਖੀ ਕੋਰਸਾਂ ਲਈ ਮਾਰਗ ਦਰਸ਼ਨ ਕਰਨ ਲਈ ਉੱਚ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਚੁਣੇ ਗਏ ਸਕੂਲ ਕੌਂਸਲਰਾਂ ਨੂੰ ਆਨਲਾਈਨ ਸਿਖਲਾਈ ਦੇਣ ਦਾ ਸ਼ੈਡਿਊਲ ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਸਿਖਲਾਈ ਸਕੂਲ ਦੇ ਚੁਣੇ ਗਏ ਕੌਂਸਲਰਾਂ ਨੂੰ ਮਾਰਗ-ਦਰਸ਼ਨ ਅਤੇ ਸਲਾਹ-ਮਸ਼ਵਰਾ ਪ੍ਰੋਗਰਾਮ ਤਹਿਤ ਦਿੱਤੀ ਜਾਏਗੀ। ਡਾਇਰੈਕਟਰ ਐਸਸੀਈਆਰਟੀ ਨੇ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਹੈ।
ਸਿਖਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਨਲਾਈਨ ਲਈ ਜਾਏਗੀ ਅਤੇ ਹਰੇਕ ਜ਼ਿਲ੍ਹੇ ਲਈ ਇਸ ਸਿਖਲਾਈ ਲਈ ਵੱਖ-ਵੱਖ ਤਰੀਕਾਂ ਨਿਰਧਾਰਤ ਕੀਤੀਆਂ ਗਈਆਂ ਹਨ। ਬੁਲਾਰੇ ਅਨੁਸਾਰ 11 ਜਨਵਰੀ ਤੋਂ 15 ਫਰਵਰੀ ਤੱਕ ਹਰੇਕ ਜ਼ਿਲ੍ਹੇ ਦੇ 150 ਚੁਣੇ ਗਏ ਕੌਂਸਲਰਾਂ ਨੂੰ ਸਿਖਲਾਈ ਦਿੱਤੀ ਜਾਏਗੀ ਅਤੇ ਇਹ ਇਕ ਦਿਨ ਦਾ ਹੋਵੇਗਾ।ਬੁਲਾਰੇ ਅਨੁਸਾਰ ਮੁੱਖ ਦਫ਼ਤਰ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਆਨਲਾਈਨ ਸਿਖਲਾਈ ਲਈ ਲਿੰਕ ਭੇਜੇਗਾ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਲਿੰਕ ਨੂੰ ਸਕੂਲ ਦੇ ਸਲਾਹਕਾਰਾਂ ਨੂੰ ਭੇਜਣ ਤਾਂ ਜੋ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।