CIA seizes heroin : ਪੰਜਾਬ ਪੁਲਿਸ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨਕੇਲ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਅਧੀਨ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਖੇ ਸੀਆਈਏ ਸਟਾਫ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਵੱਲੋਂ ਲਗਭਗ 50 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਹੈਰੋਇਨ ਦੀ ਮਾਤਰਾ 100 ਗ੍ਰਾਮ ਦੱਸੀ ਜਾ ਰਹੀ ਹੈ। ਇਸ ਦੇ ਨਾਲ ਇੱਕ ਨਸ਼ਾ ਸਮੱਗਲਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸਬ ਇੰਸਪੈਕਟਰ ਪਿੱਪਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਬ ਇੰਸਪੈਕਟਰ ਪੀਪਲ ਸਿੰਘ ਟੀਮ ਸਮੇਤ ਚੁੰਗੀ ਨੰਬਰ 7 ਫਿਰੋਜ਼ਪੁਰ ਛਾਉਣੀ ਨੇੜੇ ਗਸ਼ਤ ‘ਤੇ ਸਨ। ਇਸ ਸਮੇਂ ਦੌਰਾਨ ਉਹ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਚੈਕਿੰਗ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮਲਕੀਤ ਸਿੰਘ ਉਰਫ ਕਾਲਾ ਹੈਰੋਇਨ ਵੇਚਣ ਜਾ ਰਿਹਾ ਹੈ। ਉਹ ਕਾਲੇ ਰੰਗ ਦੀ ਸਾਈਕਲ ‘ਤੇ ਹੈ ਅਤੇ ਬਾਰਡਰ ਦੇ ਟੇਡੀ ਵਾਲਾ ਪਿੰਡ, ਬਾਰੇਕੇ ਤੋਂ ਫਿਰੋਜ਼ਪੁਰ ਵੱਲ ਆ ਰਿਹਾ ਹੈ।
ਇਸ ਜਾਣਕਾਰੀ ਦੇ ਅਧਾਰ ‘ਤੇ ਟੀਮ ਨੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਛਾਉਣੀ ਨੇੜੇ ਪੁਲਿਸ ਲਾਈਨ ਜਾਮ ਕੀਤੀ। ਇਸ ਦੌਰਾਨ ਮਲਕੀਤ ਨੂੰ ਚੈਕਿੰਗ ਕਰਦੇ ਹੋਏ ਕਾਬੂ ਕੀਤਾ ਗਿਆ। ਤਲਾਸ਼ੀ ਲੈਣ ‘ਤੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਤੁਰੰਤ ਮਲਕੀਤ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸਦੇ ਖ਼ਿਲਾਫ਼ ਛਾਉਣੀ ਫਿਰੋਜ਼ਪੁਰ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ।