Learn about the : ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਪ੍ਰਮੁੱਖ ਧਾਰਮਿਕ ਤੇ ਇਤਿਹਾਸਕ ਕੇਂਦਰ ਹੈ ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ 24 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਬਿਆਸ-ਗੋਇੰਦਵਾਲ ਰੇਲਵੇ ਅਤੇ ਤਰਨ-ਤਾਰਨ, ਕਪੂਰਥਲਾ ਜੰਡਿਆਲਾ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਨਾਲ ਜੁੜਿਆ ਹੈ। ਬੱਸ ਸਟੈਂਡ ਗੋਇੰਦਵਾਲ ਤੋਂ ਕੇਵਲ 400 ਮੀਟਰ ਦੀ ਦੂਰੀ ‘ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਪਵਿੱਤਰ ਅਸਥਾਨ ਦੇ ਨਾਲ ਖੂਹ ਗੁਰੂ ਅਮਰਦਾਸ ਜੀ, ਗੁਰਦੁਆਰਾ ਚੌਬਾਰਾ ਸਾਹਿਬ ਆਦਿ ਦੇਖਣ ਯੋਗ ਹਨ।
ਗੋਇੰਦਵਾਲ ਸਾਹਿਬ ਦੀ ਬਾਉਲੀ ਸਾਹਿਬ ਤੇ ਹੋਰ ਗੁਰ ਅਸਥਾਨਾਂ ਦੀ ਸੇਵਾ ਪਹਿਲਾਂ ਮਿਸਲਾਂ ਦੇ ਸਰਦਾਰਾਂ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਦਾ ਮੁੱਖ ਅਸਥਾਨ ਹੈ। ਦਰਸ਼ਨ ਇਸ਼ਨਾਨ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਆਉਂਦੀਆਂ ਹਨ। ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਰ-ਮੰਜ਼ਲੀ ਸ਼ਾਨਦਾਰ ਇਮਾਰਤ 1938-44 ਵਿਚ ਬਣਾਈ ਗਈ। ਯਾਤਰੀਆਂ ਦੀ ਸਹੂਲਤ ਵਾਸਤੇ ਸ੍ਰੀ ਗੁਰੂ ਅਮਰਦਾਸ ਤੇ ਸ੍ਰੀ ਗੁਰੂ ਅਰਜਨ ਦੇਵ ਨਿਵਾਸ, ਬਾਥਰੂਮਾਂ ਸਮੇਤ 55 ਕਮਰੇ ਹਨ।
ਧਾਰਮਿਕ ਪੱਖ ਤੋਂ ਇਹ ਨਗਰ ਕਿੰਨਾ ਮਹਾਨ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਇੱਥੋਂ ਹੀ ਪਹਿਲੀਆ ਚਾਰ ਪਾਤਸ਼ਾਹੀਆ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਪਾਸੋ ਲੈ ਕੇ ਗਏ ਸਨ।ਇਸ ਨਗਰ ਵਿੱਚ ਹੀ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਅਸਥਾਨ ਹੈ ਅਤੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਅਸਥਾਨ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬਾਣੀ ਦਾ ਸੰਗ੍ਰਹਿ ਵੀ ਇਥੇ ਹੀ ਬਾਬਾ ਮੋਹਨ ਜੀ ਵਾਲੀਆਂ ਪੋਥੀਆਂ ਨਾਲ ਹੁੰਦਾ ਹੈ। ‘ਦੋਹਿਤਾ ਬਾਣੀ ਦਾ ਬੋਹਿਥਾ’ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਵੀ ਇਸ ਸੁਹਾਵਣੀ ਧਰਤ ‘ਤੇ ਹੋਇਆ। ਗੁਰੂ ਅਮਰਦਾਸ ਜੀ 1552 ਈ: ਵਿਚ ਇੱਥੇ ਹੀ ਗੁਰਗੱਦੀ ਤੇ ਬਿਰਾਜਮਾਨ ਹੋਏ। ਅਕਬਰ ਬਾਦਸ਼ਾਹ ਵੀ ਆਤਮਿਕ ਤ੍ਰਿਪਤੀ ਵਾਸਤੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਉਚੇਚਾ ਹਾਜ਼ਰ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਪਵਿੱਤਰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕੇਂਦਰ ਸਥਾਪਤ ਕੀਤਾ। ਗੁਰੂ ਜੀ ਦੀ ਆਮਦ ਦੀ ਯਾਦ ਵਿਚ, ਪ੍ਰੇਮੀ ਗੁਰਸਿੱਖਾਂ ਨੇ ‘ਬਾਉਲੀ’ ਦਾ ਨਿਰਮਾਣ ਕਰਵਾਇਆ, ਜਿਸ ‘ਤੇ ਇਹ ਅਸਥਾਨ ‘ਬਾਉਲੀ ਸਾਹਿਬ’ ਦੇ ਨਾਮ ‘ਤੇ ਪ੍ਰਸਿੱਧ ਹੋਇਆ।