Notice sent by : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਵਿਦੇਸ਼ਾਂ ਵਿਚ ਬੈਠੇ ਗੁਰਪਤਵੰਤ ਸਿੰਘ ਪੰਨੂੰ, ਪਰਮਜੀਤ ਸਿੰਘ ਪੰਮਾ ਅਤੇ ਹਰਦੀਪ ਸਿੰਘ ਨਿੱਝਰ ਵੱਲੋਂ ਭਾਰੀ ਫੰਡਿੰਗ ਦੇ ਸਬੰਧ ਵਿਚ ਪੰਜਾਬ ਵਿਚ ਤਿੰਨ ਟਰਾਂਸਪੋਰਟਰਾਂ ਨੂੰ ਨੋਟਿਸ ਭੇਜੇ ਹਨ। NIA ਵੱਲੋਂ ਇਨ੍ਹਾਂ ਖਿਲਾਫ 15 ਦਸੰਬਰ ਨੂੰ ਨਵੀਂ ਦਿੱਲੀ ਵਿਚ ਧਾਰਾ 124 ਏ, 153 ਏ ਅਤੇ 153 ਬੀ ਅਤੇ ਸੈਕਸ਼ਨ 13, 17, 1, 18 (ਬੀ) ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਐਫ.ਆਈ.ਆਰ. ਤਹਿਤ ਤਿੰਨ ਸਥਾਨਕ ਟਰਾਂਸਪੋਰਟਰਾਂ ਨੂੰ ਸੰਮਨ ਜਾਰੀ ਕੀਤਾ ਹੈ ਤਾਂ ਜੋ ਦੇਸ਼ ਵਿਰੁੱਧ ਵਿਦਰੋਹ ਕਰਨ ਲਈ ਲੋਕਾਂ ਨੂੰ ਭੜਕਾਉਣ ਲਈ ਵਿਦੇਸ਼ਾਂ ਵਿਚ ਰਹਿ ਰਹੇ ਕੱਟੜਪੰਥੀਆਂ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ ਅਤੇ ਸਾਜਿਸ਼ ਰਚਣ ਨੂੰ ਰੋਕਿਆ ਜਾ ਸਕੇ। ਐਨਆਈਏ ਦੀ ਟੀਮ ਨੇ ਇਨ੍ਹਾਂ ਟਰਾਂਸਪੋਰਟਰਾਂ ਨੂੰ 15 ਜਨਵਰੀ ਨੂੰ ਦਿੱਲੀ ਵਿੱਚ ਐਨਆਈਏ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਹਨ।
ਮਾਮਲੇ ਦੀ ਜਾਂਚ ਐਨਆਈਏ ਇੰਸਪੈਕਟਰ ਰਵੀ ਰੰਜਨ ਕਰ ਰਹੇ ਹਨ। ਜਿਨ੍ਹਾਂ ਨੇ 13 ਜਨਵਰੀ ਨੂੰ ਪੰਜਾਬ ਤੋਂ ਆਏ ਤਿੰਨ ਟਰਾਂਸਪੋਰਟਰਾਂ ਨੂੰ ਨੋਟਿਸ ਜਾਰੀ ਕੀਤਾ ਸੀ। ਜਿਸ ਵਿੱਚ ਲੁਧਿਆਣਾ, ਪਟਿਆਲਾ ਅਤੇ ਇੱਕ ਹੋਰ ਜ਼ਿਲ੍ਹੇ ਦੇ ਟਰਾਂਸਪੋਰਟਰ ਸ਼ਾਮਲ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਟਰਾਂਸਪੋਰਟਰ ਇੰਦਰਪਾਲ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਹਰ ਰੋਜ਼ ਇੱਕ ਬੱਸ ਦਿੱਲੀ ਭੇਜ ਰਿਹਾ ਸੀ, ਇਸੇ ਲਈ ਉਸਨੂੰ ਐਨਆਈਏ ਬੁਲਾਇਆ ਗਿਆ ਹੈ।
ਕਾਨੂੰਨੀ ਵਿੱਗ ਦੇ ਕੌਮੀ ਪ੍ਰਧਾਨ, ਪਰਉਪਕਾਰ ਸਿੰਘ ਘੁੰਮਣ ਨੇ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਦੱਸਿਆ ਹੈ। ਵਿੰਗ ਦੀ ਇਕ ਮੀਟਿੰਗ ਵਿਚ ਇਹ ਦੋਸ਼ ਲਾਇਆ ਗਿਆ ਕਿ ਇਹ ਸਭ ਕੁਝ ਕਿਸਾਨ ਅੰਦੋਲਨ ਨੂੰ ਨਾਕਾਮ ਕਰਨ ਲਈ ਕੇਂਦਰ ਸਰਕਾਰ ਦੀ ਸਾਜਿਸ਼ ਹੈ। ਲੋਕਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਨਾ ਕਰਨ। ਉਨ੍ਹਾਂ ਨੇ ਇਨ੍ਹਾਂ ਟਰਾਂਸਪੋਰਟਰਾਂ ਨੂੰ ਸਮਰਥਨ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਅੱਗੇ ਚੁੱਕਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਸਾਨ ਵਿਰੋਧੀ ਕਾਨੂੰਨ ਲਿਆ ਕੇ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਜਦੋਂ ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਨਹੀਂ ਝੁਕੇ ਤਾਂ ਸਰਕਾਰ ਨੇ ਕੌਮੀ ਜਾਂਚ ਏਜੰਸੀ ਰਾਹੀਂ ਉਨ੍ਹਾਂ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਮੀਟਿੰਗ ਵਿੱਚ ਵਕੀਲ ਗੌਰਵ ਬੱਗਾ, ਅਕਾਸ਼ਦੀਪ ਸੰਧੂ, ਇੰਦਰਪਾਲ ਸਿੰਘ ਨੋਬੀ, ਮਨਦੀਪ ਸਿੰਘ ਸਾਹਨੀ, ਪੁਨੀਤ ਗੁਪਤਾ, ਯਾਦਵਿੰਦਰ ਸਿੰਘ, ਗਗਨ ਮਿਸ਼ਰਾ, ਕਰਮ ਸਿੰਘ, ਦਮਨ ਭੀਖੀ, ਰਾਜੀਵ ਪਾਲ ਸਿੰਘ ਭੱਟੀ, ਆਦਿ ਹਾਜ਼ਰ ਸਨ।