Corona vaccination campaign : ਪੰਜਾਬ ਭਰ ‘ਚ ਅੱਜ ਤੋਂ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਪੰਜਾਬ ‘ਚ ਪਹਿਲੇ ਪੜਾਅ ਦੌਰਾਨ 1.74 ਲੱਖ ਸਿਹਤ ਕਰਮਚਾਰੀਆਂ ਦੇ ਟੀਕਾਕਰਨ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅਗਲੇ ਪੰਜ ਦਿਨਾਂ ਲਈ 40,000 ਸਿਹਤ ਕਰਮਚਾਰੀਆਂ ਨੂੰ ਰੋਜ਼ਾਨਾ ਟੀਕਾਕਰਨ ਮੁਹਿੰਮ ਤਹਿਤ ਕਵਰ ਕੀਤਾ ਜਾਵੇਗਾ। ਇਸਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸੂਬੇ ਲਈ ਮੁਫਤ ਟੀਕਾਕਰਨ ਦੀ ਮੰਗ ਕੀਤੀ ਹੈ। ਕੋਵਿਸ਼ਿਲਡ ਟੀਕੇ ਦੀਆਂ 2,04,500 ਖੁਰਾਕਾਂ ਦੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਵਿੱਚ ਸੂਬਾਈ ਅਤੇ ਕੇਂਦਰ ਸਰਕਾਰ ਦੇ ਸਿਹਤ ਕਰਮਚਾਰੀਆਂ ਨੂੰ ਇੱਕ ਪਹਿਲਕਦਮੀ ਤੇ ਟੀਕਾ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬੀਮਾਰੀ ਦੇ ਬੋਝ ਨੂੰ ਘਟਾਉਣ ਅਤੇ ਇਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਗਰੀਬ ਲੋਕਾਂ ਨੂੰ ਮੁਫਤ ਟੀਕੇ ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰਨ। ਕੈਪਟਨ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਕੋਵਿਡ ਕਾਰਨ ਰਾਜ ਦੇ ਲੋਕ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘੇ ਹਨ।
ਮੁੱਖ ਮੰਤਰੀ ਨੇ ਸ਼ਨੀਵਾਰ ਸਵੇਰੇ ਰਾਜ ਵਿਚ ਸਿਹਤ ਕਰਮਚਾਰੀਆਂ ਦੇ ਟੀਕਾਕਰਨ ਦੀ ਪ੍ਰਕਿਰਿਆ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਸ਼ਨੀਵਾਰ ਨੂੰ ਸਵੇਰੇ 11.30 ਵਜੇ ਮੁਹਾਲੀ ਤੋਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਪਹਿਲੇ ਪੜਾਅ ਵਿੱਚ ਇਹ ਮੁਹਿੰਮ ਲਗਭਗ 59 ਟੀਕਾਕਰਨ ਸਥਾਨਾਂ ਤੋਂ ਸ਼ੁਰੂ ਹੋਵੇਗੀ। ਬੁਲਾਰੇ ਨੇ ਕਿਹਾ ਕਿ ਸਿਰਫ ਸਿਹਤ ਕਰਮਚਾਰੀਆਂ ਲਈ ਟੀਕਾਕਰਨ ਦੀਆਂ ਖੁਰਾਕਾਂ ਦੀ ਉਪਲਬਧਤਾ ਦੇ ਕਾਰਨ, ਮੁੱਖ ਮੰਤਰੀ ਖੁਦ ਅਗਲੇ ਪੜਾਅ ਵਿੱਚ ਟੀਕਾ ਲਗਵਾਉਣਗੇ।
ਜਿਲ੍ਹਾ ਜਲੰਧਰ ਵਿੱਚ ਅੱਜ ਤੋਂ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ। ਸਰਕਾਰੀ ਨੀਤੀ ਵਿਚ ਕੁਝ ਬਦਲਾਅ ਕੀਤੇ ਗਏ ਹਨ, ਹੁਣ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਸਿਰਫ ਸਿਹਤ ਅਤੇ ਪੁਲਿਸ ਵਿਭਾਗਾਂ ਨੂੰ ਹੀ ਕੋਰੋਨਾ ਟੀਕਾ ਲਗਾਇਆ ਜਾਵੇਗਾ। ਸਿਵਲ ਸਰਜਨ ਡਾ: ਬਲਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਟੀਕੇ ਸਬੰਧੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ। ਵਿਭਾਗ ਹੁਣ ਸਿਵਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਬਸਤੀ ਅਤੇ ਸਿਵਲ ਹਸਪਤਾਲ ਨਕੋਦਰ ਵਿਖੇ ਵਿਭਾਗ ਦੇ 300 ਕਰਮਚਾਰੀਆਂ ਨੂੰ ਕੋਰੋਨਾ ਟੀਕਾ ਦੇਵੇਗਾ। ਤਿੰਨ ਕੇਂਦਰਾਂ ਨੂੰ ਇੱਕ ਸੂਚੀ ਭੇਜੀ ਜਾ ਰਹੀ ਹੈ, ਜਿਨ੍ਹਾਂ ਦੇ ਨਾਂ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਜਿਲ੍ਹਾ ਅੰਮ੍ਰਿਤਸਰ ਵਿਖੇ ਵੀ ਅੱਜ 3 ਕੇਂਦਰਾਂ ਤੋਂ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ। ਗੁਰਦਾਸਪੁਰ ਹੁਣ ਤੱਕ 9790 ਵੈਕਸੀਨ ਦੀਆਂ ਡੋਜ਼ ਪਹੁੰਚ ਚੁੱਕੀਆਂ ਹਨ।