PM Modi Launches India Vaccination Drive: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ । ਜਿਸ ਦੌਰਾਨ ਅੱਜ ਤਿੰਨ ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਅੱਜ ਪੂਰਾ ਦੇਸ਼ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਬਹੁਤ ਸਾਰੇ ਮਹੀਨਿਆਂ ਤੋਂ ਦੇਸ਼ ਦੇ ਹਰ ਘਰ ਵਿੱਚ ਬੱਚੇ, ਬੁੱਢੇ ਅਤੇ ਨੌਜਵਾਨਾਂ ਦੀ ਜ਼ੁਬਾਨ ‘ਤੇ ਇੱਕ ਸਵਾਲ ਸੀ ਕਿ ਕੋਰੋਨਾ ਵੈਕਸੀਨ ਕਦੋਂ ਆਵੇਗੀ। ਹੁਣ ਟੀਕਾ ਬਹੁਤ ਹੀ ਥੋੜੇ ਸਮੇਂ ਵਿੱਚ ਆ ਗਿਆ ਹੈ।’ ਪੀਐਮ ਮੋਦੀ ਨੇ ਕਿਹਾ ਕਿ ਅੱਜ ਉਹ ਵਿਗਿਆਨੀ, ਵੈਕਸੀਨ ਖੋਜ ਨਾਲ ਜੁੜੇ ਬਹੁਤ ਸਾਰੇ ਲੋਕ ਵਿਸ਼ੇਸ਼ ਪ੍ਰਸੰਸਾ ਦੇ ਹੱਕਦਾਰ ਹਨ, ਜੋ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵਿਰੁੱਧ ਟੀਕੇ ਬਣਾਉਣ ਵਿਚ ਲੱਗੇ ਹੋਏ ਸਨ।
ਪੀਐੱਮ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਤੇ ਇੰਨੇ ਵੱਡੇ ਪੱਧਰ ਦੀ ਟੀਕਾਕਰਨ ਮੁਹਿੰਮ ਕਦੇ ਵੀ ਨਹੀਂ ਚਲਾਈ ਗਈ ਹੈ। ਦੁਨੀਆ ਦੇ 100 ਤੋਂ ਵੱਧ ਅਜਿਹੇ ਦੇਸ਼ ਹਨ, ਜਿਨ੍ਹਾਂ ਦੀ ਆਬਾਦੀ 3 ਕਰੋੜ ਤੋਂ ਵੀ ਘੱਟ ਹੈ, ਅਤੇ ਭਾਰਤ ਆਪਣੇ ਟੀਕਾਕਰਨ ਦੇ ਪਹਿਲੇ ਪੜਾਅ ਵਿੱਚ 3 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਦੂਜੇ ਪੜਾਅ ਵਿੱਚ ਸਾਨੂੰ ਇਸ ਨੂੰ 30 ਕਰੋੜ ਦੀ ਗਿਣਤੀ ਤੱਕ ਲੈ ਜਾਣਾ ਹੈ।
ਇਸ ਤੋਂ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਦੁਬਾਰਾ ਯਾਦ ਕਰਾਵਾਉਣਾ ਚਾਹੁੰਦਾ ਹਾਂ ਕਿ ਕੋਰੋਨਾ ਵੈਕਸੀਨ ਦੀਆਂ 2 ਖੁਰਾਕਾਂ ਲੱਗਣੀਆਂ ਬਹੁਤ ਜਰੂਰੀ ਹਨ। ਉਨ੍ਹਾਂ ਨੇ ਇਸ ਵੈਕਸੀਨ ਸਬੰਧੀ ਅਪੀਲ ਕੀਤੀ ਕਿ ਤੁਸੀ ਦੋ ਡੋਜ਼ ਜਰੂਰ ਲਗਵਾਓ, ਇੱਕ ਡੋਜ਼ ਲਗਵਾਉਣ ਤੋਂ ਬਾਅਦ ਭੁੱਲ ਨਾ ਜਾਇਓ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਅਤੇ ਦੂਜੀ ਡੋਜ਼ ਵਿਚਕਾਰ ਲਗਭਗ ਇੱਕ ਮਹੀਨੇ ਦਾ ਅੰਤਰ ਵੀ ਹੋਵੇਗਾ, ਇਸ ਨੂੰ ਵੀ ਧਿਆਨ ਵਿੱਚ ਰੱਖੋ। ਦੂਜੀ ਖੁਰਾਕ ਲੱਗਣ ਦੇ 2 ਹਫ਼ਤਿਆਂ ਬਾਅਦ ਹੀ ਤੁਹਾਡਾ ਸਰੀਰ ਕੋਰੋਨਾ ਦੇ ਵਿਰੁੱਧ ਲੋੜੀਂਦੀ ਸ਼ਕਤੀ ਦਾ ਵਿਕਾਸ ਕਰੇਗਾ। ਪੀਐੱਮ ਨੇ ਕਿਹਾ ਕਿ ਤੁਸੀਂ ਜੋ ਸਬਰ ਕੋਰੋਨਾ ਕਾਲ ਵਿੱਚ ਦਿਖਾਇਆ ਸੀ, ਉਸੇ ਤਰ੍ਹਾਂ ਦਾ ਸਬਰ ਟੀਕਾਕਰਨ ਦੇ ਸਮੇਂ ਵੀ ਦਿਖਾਓ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਸਰੀਰਕ ਦੂਰੀ ਅਤੇ ਮਾਸਕ ਜ਼ਰੂਰੀ ਹਨ।
ਦੱਸ ਦੇਈਏ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਦੌਰਾਨ ਭਾਵੁਕ ਹੋ ਗਏ । ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਸਾਡੇ ਬਹੁਤ ਸਾਰੇ ਸਾਥੀ ਅਜਿਹੇ ਰਹੇ ਹਨ ਜੋ ਬਿਮਾਰ ਹੋਣ ਤੋਂ ਬਾਅਦ ਹਸਪਤਾਲ ਗਏ ਪਰ ਵਾਪਸ ਨਹੀਂ ਆਏ । ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਟ ਦੇ ਉਸੇ ਸਮੇਂ ਨਿਰਾਸ਼ਾ ਦੇ ਉਸੇ ਮਾਹੌਲ ਵਿੱਚ, ਕੋਈ ਆਸ਼ਾ ਦਾ ਸੰਚਾਰ ਕਰ ਰਿਹਾ ਸੀ, ਸਾਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਸੰਕਟ ਵਿੱਚ ਪਾ ਰਿਹਾ ਸੀ। ਇਹ ਲੋਕ ਸਾਡੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਐਂਬੂਲੈਂਸ ਡਰਾਈਵਰ, ਆਸ਼ਾ ਵਰਕਰ, ਸਵੀਪਰ, ਪੁਲਿਸ ਅਤੇ ਹੋਰ ਫਰੰਟਲਾਈਨ ਕਰਮਚਾਰੀ ਸਨ ।ਅਸੀਂ ਅਜਿਹੇ ਸਾਰੇ ਸਹਿਯੋਗੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।
ਇਹ ਵੀ ਦੇਖੋ: ਨੌਜਵਾਨਾਂ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸੁਨੇਹਾ ਜੋਸ਼ ਨਾਲ ਹੋਸ਼ ਨਾ ਗਵਾ ਬੈਠਿਓ