NO ENTRY for political leaders : ਸ੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਕੜਾਕੇ ਦੀ ਠੰਡ ਵਿੱਚ ਦਿੱਲੀ ਬਾਰਡਰਾਂ ’ਤੇ ਬੈਠੇ ਹਨ, ਉਥੇ ਪੰਜਾਬ ਵਿੱਚ ਵੀ ਲੋਕਾਂ ਦੇ ਮਨ ਵਿੱਚ ਸਿਆਸੀ ਪਾਰਟੀਆਂ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ, ਜਿਸ ਵਿੱਚ ਸਭ ਤੋਂ ਵੱਧ ਵਿਰੋਧ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਨੇ ਕਿਸੇ ਵੀ ਸਿਆਸੀ ਆਗੂ ਦੀ ਐਂਟਰੀ ਬੈਨ ਕਰ ਦਿੱਤੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਹੂੜਿਆਂਵਾਲੀ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਖਿਲਾਫ ਬੋਰਡ ਲਗਾਏ ਜਾ ਰਹੇ ਹਨ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਸਾਡੇ ਪਿੰਡ ਵਿੱਚ ਨਾ ਵੜੇ। ਪਿੰਡ ਦੀ ਪੰਚਾਇਤ , ਨੌਜਵਾਨ ਸਭਾ , ਮਜ਼ਦੂਰ ਯੂਨੀਅਨ ਤੇ ਕਿਸਾਨ ਯੂਨੀਅਨ ਨੇ ਪਿੰਡ ਦੀਆਂ ਪ੍ਰਮੱਖ ਥਾਵਾਂ ’ਤੇ ਸਿਆਸੀ ਲੋਕਾਂ ਲਈ ਨੋ ਐਂਟਰੀ ਦੇ ਬੈਨਰ ਲਗਾ ਦਿੱਤੇ ਹਨ। ਲੋਕਾਂ ਦਾ ਦੋਸ਼ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਕਿਸਾਨਾਂ ਦੇ ਵਿਰੋਧੀ ਹਨ ਤੇ ਰਲੇ ਮਿਲੇ ਹੋਏ ਹਨ, ਜਿਸ ਕਰਕੇ ਉਹ ਕਿਸੇ ਨੂੰ ਵੀ ਆਪਣੇ ਪਿੰਡ ਵਿੱਚ ਨਹੀਂ ਵੜਣ ਦੇਣਗੇ।
ਇਹ ਬੈਨਰ ਪਿੰਡ ਦੇ ਬੱਸ ਅੱਡੇ ਅਤੇ ਹੋਰਨਾਂ ਥਾਵਾਂ ’ਤੇ ਵੀ ਲਗਾਏ ਗਏ ਹਨ। ਪਿੰਡ ਦੇ ਲੋਕਾਂ ਨੇ ਖੇਤੀ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਦੱਸ ਦੇਈਏ ਕਿ ਕਿਸਾਨਾਂ ਦਾ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੱਜ ਕਿਸਾਨ ਅੰਦੋਲਨ 53ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਦਿੱਲੀ ਐੱਨਸੀਆਰ ਦੇ ਕਈ ਬਾਰਡਰਾਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਜਾਰੀ ਹੈ।ਕਿਸਾਨ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਇਸੇ ਤਰ੍ਹਾਂ ਡਟੇ ਰਹਿਣਗੇ।ਸਰਕਾਰ ਅਤੇ ਕਿਸਾਨ ਸੰਗਠਨ ਵਿਚਾਲੇ 9ਵੇਂ ਦੌਰ ਤੱਕ ਦੀ ਬੈਠਕ ਹੋ ਚੁੱਕੀ ਹੈ ਪਰ ਇਹ ਸਾਰੀਆਂ ਪਿਛਲੀਆਂ ਬੈਠਕਾਂ ਬੇਸਿੱਟਾ ਰਹੀਆਂ ਹਨ।ਕਿਸਾਨਾਂ ਦਾ ਰੱਦ ਤੋਂ ਬਿਨਾਂ ਸਾਨੂੰ ਕੋਈ ਬਦਲਾਅ ਨਹੀਂ ਚਾਹੀਦਾ ਕਾਨੂੰਨ ਰੱਦ ਹੀ ਹੋਣੇ ਚਾਹੀਦੇ ਹਨ।