Bhai Mani Singh : ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਦਾ ਇੱਕ ਮੁਰੀਦ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਸਹੀ ਖ਼ਾਤਾ ਲਿਖਣ ਲਈ ਅਰਜ਼ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ 1691 ਈ. ਦੀ ਵਿਸਾਖੀ ਵਾਲੇ ਦਿਨ ਦੀਵਾਨ ਨਿਯੁਕਤ ਕੀਤਾ ਸੀ। ਗੁਰੂ ਨੇ 1699 ਈ. ਵਿੱਚ ਵਿਸਾਖੀ ਦੇ ਮੇਲੇ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਸੀ। ਭਾਈ ਮਨੀ ਸਿੰਘ ਇਸ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸੀ। ਖਾਲਸਾ ਸਾਜਨਾ ਉਪਰੰਤ ਅੰਮ੍ਰਿਤਸਰ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਭੇਜਿਆ ਸੀ। ਉਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਤੋਂ ਬਾਅਦ ਗੁਰੂ ਮਰਯਾਦਾ ਅਨੁਸਾਰ ਹਰਿਮੰਦਰ ਸਾਹਿਬ ਦਾ ਤੀਸਰਾ ਗ੍ਰੰਥੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਦਾ ਉਘਾ ਯੋਗਦਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਲਾਂ ਨੂੰ ਇਕਮੁੱਠ ਰੱਖਣ ਵਾਸਤੇ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
ਭਾਈ ਮਨੀ ਸਿੰਘ ਨੇ ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਰਬ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ ਸੀ। ਸਿੱਖ ਪੰਥ ਨੇ ਭਾਈ ਮਨੀ ਸਿੰਘ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ। ਸੂਬਾ ਲਾਹੌਰ ਜ਼ਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਬਦਲੇ ਪੰਜ ਹਜ਼ਾਰ ਰੁਪਏ ਅਦਾ ਕਰਨ ਦੀ ਸ਼ਰਤ ਰੱਖੀ ਸੀ। ਭਾਈ ਮਨੀ ਸਿੰਘ ਨੇ ਇਸ ਸ਼ਰਤ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਨੂੰ ਦੀਵਾਲੀ ਦਾ ਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੇ ਸੱਦਾ ਪੱਤਰ ਭੇਜ ਦਿੱਤੇ ਸਨ। ਉਸ ਵੇਲੇ ਸਿੱਖ ਹਰ ਤਰ੍ਹਾਂ ਦੀ ਮਾਨਵੀ ਸੁਤੰਤਰਤਾ ਲਈ ਯੁੱਧ ਲੜ ਰਹੇ ਸਨ। ਜ਼ਕਰੀਆ ਖਾਨ ਵੱਲੋਂ ਦਿੱਤੀ ਇਹ ਪ੍ਰਵਾਨਗੀ, ਪੁਰਬ ਲਈ ਪਹੁੰਚਣ ਵਾਲੇ ਸਿੱਖਾਂ ਦਾ ਕਤਲੇਆਮ ਕਰਨ ਦੀ ਯੁੱਧ ਨੀਤੀ ਦਾ ਇੱਕ ਦਾਅਪੇਚ ਸੀ।
ਭਾਈ ਮਨੀ ਸਿੰਘ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਫੇਰ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਸਨ। ਸੂਬਾ ਲਾਹੌਰ ਨੇ ਲਖਪਤ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿਥੇ ਉਸ ਉਤੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਤਿਆਗ ਦੇਣ ਵਾਸਤੇ ਤਸੀਹੇ ਦਿੱਤੇ ਗਏ ਸਨ। 24 ਜੂਨ, 1734 ਈ. ਵਾਲੇ ਦਿਨ ਉਸ ਨੂੰ ਨਖਾਸ ਚੌਕ ਵਿਚ, ਜੋ ਲਾਹੌਰ ਲੰਡੇ ਬਾਜ਼ਾਰ ਵਿੱਚ ਹੈ, ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ।