Peer Budhushah who : ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਆਪ ਬਚਪਨ ਤੋਂ ਹੀ ਚੁੱਪਚਾਪ ਰਹਿਣ ਵਾਲੇ ਤੇ ਸਾਦੇ ਸੁਭਾਅ ਦੇ ਮਾਲਕ ਸਨ। ਭੰਗਾਣੀ ਦੇ ਯੁੱਧ ਤੋਂ ਬਾਅਦ ਪੀਰ ਜੀ ਨੇ ਆਪਣੇ ਚਾਰ ਪੁੱਤਰਾਂ ਵਿਚੋਂ ਦੋ ਪੁੱਤਰ ਸੱਯਦ ਅਸ਼ਰਫ਼ ਸ਼ਾਹ ਅਤੇ ਸੱਯਦ ਮੁਹੰਮਦ ਸ਼ਾਹ ਅਤੇ ਸਕੇ ਭਾਈ ਭੂਰੇ ਸ਼ਾਹ ਨੂੰ ਅਤੇ ਸੱਤ ਸੌ ਮੁਰੀਦਾਂ ਵਿਚੋਂ ਅਨੇਕਾਂ ਮੁਰੀਦ ਸ਼ਹੀਦ ਕਰਵਾ ਕੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ ਸੀ। ਇਤਿਹਾਸਕ ਹਵਾਲਿਆਂ ਮੁਤਾਬਿਕ ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ, 1647 ਈ: ਨੂੰ ਸੱਯਦ ਗੁਲਾਮ ਸ਼ਾਹ ਦੇ ਘਰ ਅੰਬਾਲਾ ਜ਼ਿਲ੍ਹੇ ਦੇ ਸਢੌਰਾ ਕਸਬੇ ਵਿਚ ਹੋਇਆ।
ਔਰੰਗਜ਼ੇਬ ਨੇ ਆਪਣੀ ਫ਼ੌਜ ਦੇ ਬਹੁਤ ਸਾਰੇ ਪਠਾਣਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਉਹ ਸਾਰੇ ਪੀਰ ਜੀ ਦੀ ਸ਼ਰਨ ‘ਚ ਆਏ। ਪੀਰ ਜੀ ਨੇ ਉਨ੍ਹਾਂ ਪਠਾਣਾਂ ਨੂੰ ਨੌਕਰੀ ਦਿਵਾਉਣ ਲਈ ਪਾਉਂਟਾ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਗੁਰੂ ਸਾਹਿਬ ਨੇ ਪੀਰ ਜੀ ਦੀ ਬੇਨਤੀ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਨੌਕਰ ਰੱਖ ਲਿਆ। ਉਨ੍ਹਾਂ ਵਿਚੋਂ ਸਿਵਾਏ ਕਾਲਾ ਖਾਨ ਦੇ ਬਾਕੀ ਦੇ ਤਿੰਨ ਫੌਜੀ ਸਰਦਾਰ ਭੀਕਨ ਖਾਨ, ਨਿਜਾਬਤ ਖਾਨ ਤੇ ਹਯਾਤ ਖਾਨ ਧੋਖਾ ਦੇ ਕੇ ਆਪਣੇ ਸੈਨਿਕਾਂ ਸਮੇਤ ਪਹਾੜੀ ਸੈਨਾ ਨਾਲ ਜਾ ਮਿਲੇ ਤੇ ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਆਪ ਨੇ ਆਪਣੇ 700 ਮੁਰੀਦਾਂ, ਚਾਰ ਪੁੱਤਰਾਂ ਤੇ ਇੱਕ ਭਰਾ ਸਮੇਤ ਭੰਗਾਣੀ ਪਹੁੰਚੇ ਤੇ ਯੁੱਧ ‘ਚ ਹਿੱਸਾ ਲਿਆ। ਯੁੱਧ ਤੋਂ ਬਾਅਦ ਗੁਰੂ ਜੀ ਨੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦੇਣੀਆਂ ਚਾਹੀਆਂ ਪਰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤੀਆਂ। ਉਦੋਂ ਗੁਰੂ ਜੀ ਕੇਸ ਵਾਹ ਕੇ ਦਸਤਾਰ ਸਜਾਉਣ ਲੱਗੇ ਸਨ। ਆਪ ਨੇ ਕੰਘੇ ‘ਚ ਲੱਗੇ ਕੁਝ ਕੇਸਾਂ ਨੂੰ ਵੱਡਮੁੱਲੇ ਤੋਹਫੇ ਵਜੋਂ ਆਪਣੀ ਝੋਲੀ ਪੁਆਏ ਲਏ। ਗੁਰੂ ਜੀ ਨੇ ਇੱਕ ਛੋਟੀ ਕ੍ਰਿਪਾਨ, ਦਸਤਾਰ ਤੇ ਹੁਕਮਨਾਨਾ ਤੁਹਾਨੂੰ ਬਖਸ਼ਿਆ।
ਪੀਰ ਬੁੱਧੂ ਸ਼ਾਹ ਵੱਲੋਂ ਗੁਰੂ ਜੀ ਦੀ ਮਦਦ ਕਰਨ ਦੀ ਗੱਲ ਨੂੰ ਲੈ ਕੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਗਏ। ਸਰਹਿੰਦ ਦੇ ਫੌਜਦਾਰ ਨੇ ਸਢੌਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਨੂੰ ਕਤਲ ਕਰੇ ਦੇ ਹੁਕਮ ਦਿੱਤੇ। ਪੀਰ ਜੀ ਨੂੰ ਸਰਕਾਰ ਦੀ ਸੋਚ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ। ਆਪ ਨੇ ਸਾਰੇ ਪਰਿਵਾਰ ਆਪਣਾ ਪਰਿਵਾਰ ਨੂੰ ਨਾਹਨ ਭੇਜ ਦਿੱਤਾ। ਸਢੌਰੇ ਦੇ ਹਾਕਮ ਉਸਮਾਨ ਖਾਨ ਨੇ 21 ਮਾਰਚ, 1704 ਨੂੰ ਪੀਰ ਬੁੱਧੂ ਸ਼ਾਹ ਨੂੰ ਬੜੀ ਬੇਦਰਦੀ ਨਾਲ ਟੋਟੇ-ਟੋਟੇ ਕਰ ਦਿੱਤਾ। ਸਢੌਰੇ ‘ਚ ਪੀਰ ਬੁੱਧੂਸ਼ਾਹ ਦੇ ਜੱਦੀ ਘਰ ਨੂੰ ਹੁਣ ਗੁਰਦੁਆਰੇ ‘ਚ ਬਦਲ ਦਿੱਤਾ ਗਿਆ ਹੈ।