Jathedar Teja Singh : ਜਥੇਦਾਰ ਤੇਜਾ ਸਿੰਘ ਦਾ ਜਨਮ 28 ਅਕਤੂਬਰ 1887 ਨੂੰ ਨਾਨਕੇ ਪਿੰਡ ਫੇਰੂ ਜ਼ਿਲ੍ਹਾ ਲਾਹੌਰ ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ ਤਰਨਤਾਰਨ ਸੀ। ਉਨ੍ਹਾਂ ਦੇ ਪਿਤਾ ਸ਼ਾਹ ਮਾਇਆ ਸਿੰਘ ਹਕੀਮ ਅਤੇ ਮਾਤਾ ਮਹਿਤਾਬ ਕੌਰ ਜੀ ਸਨ। ਜਥੇਦਾਰ ਭੁੱਚਰ ਮਨੁੱਖ ਵਿੱਚ ਜਾਤ-ਬਰਾਦਰੀ, ਰੰਗ-ਨਸਲ, ਵੱਡੇ-ਛੋਟੇ ਦੇ ਅੰਤਰ ਨੂੰ ਸਿੱਖਾਂ ਅਤੇ ਮਾਨਵਤਾ ਲਈ ਲਾਹਨਤ ਮੰਨਦੇ ਸਨ। ਗੁਰਦੁਆਰਾ ਸੁਧਾਰ ਲਹਿਰ ਦੇ ਨਿਧੜਕ ਆਗੂ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ। ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਅਣਥੱਕ ਮਿਹਨਤ ਕੀਤੀ।
ਆਪ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਪਿਛਾਵਰ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਲਿਆਂਦਾ। ਆਪ ਜੀ ਨੇ ਬਾਕੀ ਗੁਰਦੁਆਰਿਆਂ ਨੂੰ ਸਰਕਾਰੀ ਪਿੱਠੂਆਂ ਅਤੇ ਪੁਜਾਰੀਆਂ ਤੋਂ ਅਜ਼ਾਦ ਕਰਵਾਉਣ ਲਈ ਪੰਥ ਨੂੰ ਇਕ ਸੂਤਰਧਾਰ ਵਿਚ ਬੰਨ੍ਹ ਕੇ ਸੰਘਰਸ਼ ਲੜਿਆ, ਜਿਸ ਵਿਚੋਂ ਅਨੇਕਾਂ ਸਿੰਘਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਤੇ ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ। ਗੁਰਦੁਆਰਾ ਲਹਿਰ ਵੀ ਦਲਿਤ ਸਿੰਘਾਂ ਨੂੰ ਉੱਚ ਮੰਨੇ ਜਾਂਦੇ ਸਿੱਖਾਂ ਦੇ ਬਰਾਬਰ ਹੱਕ ਦਿਵਾਉਣ ਲਈ ਹੀ ਸ਼ੁਰੂ ਹੋਣ ਦਾ ਇੱਕ ਬਹਾਨਾ ਬਣੀ। ਇਨ੍ਹਾਂ ਯਤਨਾਂ ਕਾਰਨ ਜਦੋਂ 12 ਅਕਤੂਬਰ 1920 ਨੂੰ ਹਰਿਮੰਦਰ ਸਾਹਿਬ ਪਰਿਸਰ ਉੱਤੇ ਸੰਗਤੀ ਕਬਜ਼ਾ ਹੋਇਆ ਤਾਂ ਜਥੇਦਾਰ ਭੁੱਚਰ ਦੀ ਪੰਥ ਪ੍ਰਸਤੀ, ਸੇਵਾ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਕਤੀ ਨੂੰ ਮੁੱਖ ਰੱਖ ਕੇ ਜਥੇਦਾਰ ਭੁੱਚਰ ਨੂੰ ਸਰਕਾਰੀ ਸ਼ਹਿ ਪ੍ਰਾਪਤ ਪੁਜਾਰੀਵਾਦ ਦੇ ਯਤਨ ਨੂੰ ਠੱਲ੍ਹਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜੱਥੇਦਾਰ ਬਨਣ ਦਾ ਮਾਣ ਦਿੱਤਾ ਗਿਆ।
ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨਣ ਦਾ ਫੈਸਲਾ ਕੀਤਾ ਤੇ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨੇ। ਮਹੰਤਾਂ-ਪੁਜਾਰੀਆਂ ਸਮੇਂ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਚ ਕੁਰਸੀਆਂ ’ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਵੀ ਜਥੇਦਾਰ ਭੁੱਚਰ ਨੇ ਵਿਰੋਧ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਦਰੀਆਂ ’ਤੇ ਬੈਠਣ ਲਈ ਕਹਿ ਦਿੱਤਾ। ਫਿਰ ਅੰਗਰੇਜ਼ ਸਰਕਾਰ ਦਾ ਤਸ਼ੱਦਦ ਜੱਥੇਦਾਰ ਭੁੱਚਰ ’ਤੇ ਢਹਿ ਪਿਆ। ਉਨ੍ਹਾਂ ’ਤੇ ਕਈ ਕੇਸ ਬਣਾਏ ਗਏ ਤੇ ਜੇਲ੍ਹ ਵਿਚ ਡੱਕ ਦਿੱਤਾ। ਜਥੇਦਾਰ ਤੇਜਾ ਸਿੰਘ 2 ਅਕਤੂਬਰ 1939 ਈ. ਨੂੰ ਦੁਪਿਹਰ ਨੂੰ ਗੱਗੋਬੂਹੇ ਵੱਲ ਆ ਰਹੇ ਸਨ ਤਾਂ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਜਥੇਦਾਰ ਤੇਜਾ ਸਿੰਘ ਦੇ ਵਿਰੋਧੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਇਨ੍ਹਾਂ ਦੀ ਲੱਤ ’ਤੇ ਸੱਟ ਵੱਜ ਗਈ ਤੇ ਆਖਿਰ 3 ਅਕਤੂਬਰ 1939 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।