Farmers try to : ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਫਿਰ ਤੋਂ ਤੇਜ਼ ਹੋ ਗਿਆ ਹੈ। ਭਾਵੇਂ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਇਸ ‘ਚ ਥੋੜ੍ਹਾ ਠਹਿਰਾਅ ਆਇਆ ਸੀ ਪਰ ਕਿਸਾਨਾਂ ਨੇ ਫਿਰ ਤੋਂ ਦਿੱਲੀ ਵਿਖੇ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਲਹਿਰ ਨੂੰ ਕਮਜ਼ੋਰ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਅਧੀਨ ਭਾਜਪਾ ਤੇ ਆਰ. ਐੱਸ. ਐੱਸ. ਦੇ ਸਮਰਥਕਾਂ ਵੱਲੋਂ ਬੀਤੀ ਰਾਤ ਗਾਜੀਪੁਰ ਬਾਰਡਰ ਵਿਖੇ ਅੰਦੋਲਨ ਨੂੰ ਖਤਮ ਕਰਨ ਲਈ ਪੂਰੀ ਸਾਜ਼ਿਸ਼ ਕੀਤੀ ਗਈ।
ਕੇਂਦਰ ਸਰਕਾਰ ਵੱਲੋਂ ਹੁਣ ਬਾਰਡਰ ‘ਤੇ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ ਤੇ ਬਾਕੀ ਸਿਸਟਮ ਬੰਦ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਗ਼ਲਤ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਤੇ ਭਾਜਪਾ ਵਰਕਰਾਂ ਨੂੰ ਆਪਸ ‘ਚ ਲੜਾ ਕੇ ਮਾਹੌਲ ਨੂੰ ਭੰਗ ਕੀਤਾ ਜਾਵੇ ਤੇ ਕਿਸੇ ਤਰ੍ਹਾਂ ਅੰਦੋਲਨ ਨੂੰ ਖਤਮ ਕਰਵਾਇਆ ਜਾ ਸਕੇ। ਲੱਖੋਵਾਲ ਨੇ ਰਾਕੇਸ਼ ਟਿਕੈਤ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਦੀ ਲੜਾਈ ਲੜ ਰਹੇ ਹਨ ਤੇ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਰਾਕੇਸ਼ ਟਿਕੈਤ ਦੇ ਹੰਝੂ ਕਿਸਾਨਾਂ ਲਈ ਸੰਜੀਵਨੀ ਬੂਟੀ ਵਾਂਗ ਸਾਬਤ ਹੋਏ ਤੇ ਫਿਰ ਤੋਂ ਅੰਦੋਲਨ ਨੂੰ ਇੱਕ ਵਾਰ ਰਫਤਾਰ ਮਿਲੀ ਤੇ ਹੁਣ ਵੱਡੀ ਗਿਣਤੀ ‘ਚ ਪੰਜਾਬ ਤੇ ਹਰਿਆਣਾ ਤੋਂ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲੱਗੇ ਹਨ।
ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਵੀ 500 ਕਿਸਾਨਾਂ ਦਾ ਜੱਥਾ ਗਾਜੀਪੁਰ ਬਾਰਡਰ ‘ਤੇ ਮੁੜ ਤੋਂ ਪੁੱਜ ਗਿਆ ਹੈ ਤਾਂ ਜੋ ਅੰਦੋਲਨ ਨੂੰ ਤੇਜ਼ ਕੀਤਾ ਜਾ ਸਕੇ ਤੇ ਨਾਲ ਹੀ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ‘ਚ ਅੰਦੋਲਨ ‘ਚ ਸ਼ਾਮਲ ਹੋ ਕੇ ਉਸ ਨੂੰ ਸਫਲ ਬਣਾਉਣ। ਅੱਜ BKU ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ ਤੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਅੰਦੋਲਨ ਨੂੰ ਖਤਮ ਕਰਨ ਲਈ ਉਤਾਰੂ ਹੈ ਤੇ ਸਰਕਾਰ ਵੱਲੋਂ ਇੰਟਰਨੈਟ ਬੰਦ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।