Rakesh Tikait speaks on PM Modi : ਕਿਸਾਨਾਂ ਦਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ‘ਤੇ ਬੈਠਿਆਂ ਨੂੰ 68 ਦਿਨ ਹੋ ਗਏ ਹਨ ਕਿਸਾਨ ਮੰਗ ਕਰ ਰਹੇ ਹਨ ਕਿ ਨਵੇਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਪਰ ਹੱਲੇ ਤੱਕ ਕੇਂਦਰ ਸਰਕਾਰ ਦੇ ਨਾਲ ਕਾਫੀ ਬੈਠਕਾਂ ਤੋਂ ਬਾਅਦ ਵੀ ਇਸਦਾ ਕੋਈ ਹੱਲ ਨਹੀਂ ਨਿਕਲਿਆ ਹੈ। ਪਿੱਛਲੇ ਦਿਨੀਂ ਕਿਸਾਨਾਂ ਦੇ ਮੁੱਦੇ ‘ਤੇ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ‘ਤੇ ਹੈ, ਕਿਸਾਨ ਜਦੋਂ ਵੀ ਚਾਹੁਣ ਉਹ ਖੇਤੀਬਾੜੀ ਮੰਤਰੀ ਨਾਲ ਗੱਲ ਕਰ ਸਕਦੇ ਹਨ। ਮੰਗਲਵਾਰ ਨੂੰ, ਗਾਜੀਪੁਰ ਸਰਹੱਦ ‘ਤੇ, ਰਾਕੇਸ਼ ਟਿਕੈਤ ਨੇ ਕਿਹਾ ਕਿ, ਸਰਕਾਰ ਕਹਿ ਰਹੀ ਹੈ ਕਿ ਸਰਕਾਰ ਅਤੇ ਕਿਸਾਨ ਦੇ ਵਿੱਚ ਸਿਰਫ ਇੱਕ ਕਾਲ ਦੀ ਦੂਰੀ ਹੈ, ਫਿਰ ਸਰਕਾਰ ਨੂੰ ਉਹ ਨੰਬਰ ਦੱਸਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪੁਲਿਸ ਨੇ ਸਾਰੇ ਦਿੱਲੀ ਦੇ ਆਲੇ-ਦੁਆਲੇ ਬੈਰੀਕੇਟ ਲਗਾਏ ਹਨ, ਇਹ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਰੋਟੀ ਨੂੰ ਵੀ ਇਸ ਤਰੀਕੇ ਨਾਲ ਕੈਦ ਕੀਤਾ ਜਾਵੇਗਾ।
ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ਨੂੰ ਏਨੀ ਤਾਕਤ ਦਿੱਤੀ ਹੈ ਕਿ ਉਸ ਤੋਂ ਬਾਅਦ ਹੀ ਗਾਜੀਪੁਰ ਸਰਹੱਦ ਤੇ ਨਾ ਸਿਰਫ ਕਿਸਾਨਾਂ ਦੀ, ਬਲਕਿ ਨੇਤਾਵਾਂ ਦਾ ਆਉਣਾ ਵੀ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਇਸ ਕੜੀ ਵਿੱਚ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਵੀ ਗਾਜੀਪੁਰ ਸਰਹੱਦ ‘ਤੇ ਪਹੁੰਚਣਗੇ ਅਤੇ ਕਿਸਾਨਾਂ ਨੂੰ ਮਿਲਣਗੇ ਅਤੇ ਅੰਦੋਲਨ ਨੂੰ ਆਪਣਾ ਸਮਰਥਨ ਦੇਣਗੇ। ਦੇਸ਼ ਭਰ ਦੇ ਕਿਸਾਨ ਲਗਾਤਾਰ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਵਿੱਚ ਪਹੁੰਚ ਰਹੇ ਹਨ। ਸੋਮਵਾਰ ਨੂੰ ਕਿਸਾਨ ਏਕਤਾ ਮੋਰਚੇ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ ਸੀ। ਕਈ ਹੋਰ ਟਵਿੱਟਰ ਅਕਾਊਂਟ ਜਿਨ੍ਹਾਂ ਨੇ ਕਿਸਾਨ ਅੰਦੋਲਨ ਬਾਰੇ ਵਧੇਰੇ ਪੋਸਟ ਕੀਤਾ ਹੈ ਉਨ੍ਹਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਇੱਥੇ 3 ਫਰਵਰੀ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਜੀਂਦ ਦਾ ਦੌਰਾ ਕਰਨਗੇ ਅਤੇ ਲੋਕਾਂ ਨੂੰ ਕਿਸਾਨ ਅੰਦੋਲਨ ਲਈ ਸਮਰਥਨ ਦੇਣ ਲਈ ਕਹਿਣਗੇ। ਖਟਕੜ ਟੋਲ ਤੋਂ ਕਿਸਾਨਾਂ ਨੇ ਅੰਨਾ ਹਜ਼ਾਰੇ ਨੂੰ ਖੁੱਲਾ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ।