Repeal fir restore internet : ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਕੇਂਦਰ ਸਰਕਾਰ ਨੂੰ ਸਾਫ ਸ਼ਬਦਾਂ ‘ਚ ਕਹਿ ਦਿੱਤਾ ਕਿ ਮਜੂਦਾ ਮਾਹੌਲ ਵਿੱਚ ਗੱਲਬਾਤ ਕਰਨਾ ਔਖਾ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਨਿਰਦੋਸ਼ ਕਿਸਾਨਾਂ ‘ਤੇ ਕੀਤੀ ਐਫਆਈਆਰ ਵਾਪਿਸ ਨਹੀਂ ਲੈਂਦੀ ਅਤੇ ਇੰਟਰਨੈਟ ਸਰਵਿਸ ਬਹਾਲ ਨਹੀਂ ਕਰਦੀ , ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋ ਸਕਦੀ। ਮਨਜੀਤ ਸਿੰਘ ਰਾਏ ਨੇ ਕਿਹਾ, “ਦਿੱਲੀ ਸਰਕਾਰ ਤੋਂ ਸਾਨੂੰ 115 ਲੋਕਾਂ ਦੀ ਲਿਸਟ ਮਿਲੀ ਹੈ, ਜਦਕਿ ਅਜੇ ਵੀ ਸਾਡੇ 6 ਲੋਕਾਂ ਦਾ ਪਤਾ ਨਹੀਂ ਚੱਲ ਰਿਹਾ ਹੈ।”
ਉਨ੍ਹਾਂ ਨੇ ਕਿਹਾ ਕਿ ਅਸੀਂ ਹੈਲਪਲਾਈਨ ਦਿੱਤੀ ਹੋਈ ਹੈ ਉੱਥੇ ਫੋਨ ਕਰਕੇ ਲੋਕ ਦੱਸ ਰਹੇ ਹਨ ਕਿ ਉਨ੍ਹਾਂ ਦੇ ਘਰਵਾਲੇ ਹਾਲੇ ਵੀ ਲਾਪਤਾ ਹਨ। ਰਾਏ ਨੇ ਕਿਹਾ ਕਿ ਸਰਕਾਰ ਦੇ ਨਾਲ ਅਜੇ ਗੱਲ ਬਾਤ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਖਿਲਾਫ਼ ਦਿੱਲੀ ਦੇ ਬਾਰਡਰ ‘ਤੇ ਲੋਹੇ ਦੇ ਕਿੱਲ ਲਗਾਏ ਗਏ ਹਨ ਅਤੇ ਦੀਵਾਰਾਂ ਬਣਾਈਆਂ ਗਈਆਂ ਹਨ ਇਸ ਲਈ ਇਸ ਤਰਾਂ ਦੇ ਮਾਹੌਲ ‘ਚ ਗੱਲਬਾਤ ਕਰਨਾ ਔਖਾ ਹੈ। ਦੱਸ ਦੇਈਏ ਕਿ ਦਿੱਲੀ ਦੇ ਬਾਰਡਰਾ ‘ਤੇ ਕਿਸਾਨਾਂ ਨੂੰ ਅੱਜ 71 ਦਿਨ ਹੋ ਗਏ ਹਨ ਤੇ ਕਿਸਾਨਾਂ ਦਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਨਿਰੰਤਰ ਜਾਰੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਨਵੇਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਪਰ ਹੱਲੇ ਤੱਕ ਕੇਂਦਰ ਸਰਕਾਰ ਦੇ ਨਾਲ ਕਾਫੀ ਬੈਠਕਾਂ ਤੋਂ ਬਾਅਦ ਵੀ ਇਸਦਾ ਕੋਈ ਹੱਲ ਨਹੀਂ ਨਿਕਲਿਆ ਹੈ।