Pakistani drone spotted : ਅੱਜ ਫਿਰ ਤੋਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਾਕਿਸਤਾਨੀ ਡ੍ਰੋਨ ਦੇਖਿਆ ਗਿਆ। ਪਾਕਿਸਤਾਨ ਵੱਲੋਂ ਫਿਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿ ਆਪਣੀਆਂ ਗਲਤ ਹਰਕਤਾਂ ਤੋਂ ਕਿਸੇ ਵੀ ਤਰ੍ਹਾਂ ਬਾਜ਼ ਨਹੀਂ ਆ ਰਿਹਾ। ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨਾਂ ਨੇ ਦੋ ਥਾਵਾਂ ‘ਤੇ ਪਾਕਿਸਤਾਨੀ ਡਰੋਨ ਦੇਖੇ। BSF ਵੱਲੋਂ ਉਨ੍ਹਾਂ ‘ਤੇ ਵੀ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਉਹ ਉਥੋਂ ਭੱਜ ਗਏ।
ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਡ੍ਰੋਨ ਦੀ ਪਹਿਲੀ ਹਲਚਲ ਸ਼ੁੱਕਰਵਾਰ ਦੀ ਰਾਤ 7 ਵਜੇ ਡੇਰਾ ਬਾਬਾ ਨਾਨਕ ਦੀ ਮੋਮਨਪੁਰ ਚੌਕੀ ‘ਤੇ ਵੇਖੀ। ਜਦੋਂ ਸਿਪਾਹੀਆਂ ਨੇ ਇਸ ‘ਤੇ ਫਾਇਰਿੰਗ ਕੀਤੀ ਤਾਂ ਉਹ ਵਾਪਸ ਪਰਤ ਗਿਆ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ 3.15 ਵਜੇ ਦੀਨਾਨਗਰ ਦੀ ਠਾਕੁਰਪੁਰ ਚੌਕੀ ਨੇੜੇ ਦੂਜੀ ਹਲਚਲ ਵੇਖੀ ਗਈ। ਇਥੇ ਵੀ ਡਰੋਨ ਬੀਐਸਐਫ ਦੀ ਫਾਇਰਿੰਗ ਤੋਂ ਬਾਅਦ ਵਾਪਸ ਪਰਤਿਆ। ਬੀਐਸਐਫ ਨੇ ਸਥਾਨਕ ਪੁਲਿਸ ਨੂੰ ਇਨ੍ਹਾਂ ਦੋਵਾਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਸਾਂਝੇ ਤੌਰ ਤੇ ਗੁਰਦਾਸਪੁਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ‘ਚ ਸਰਚ ਅਭਿਆਨ ‘ਚ ਲੱਗੇ ਹੋਏ ਹਨ।
ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਵਿਖੇ ਪਾਕਿਸਤਾਨੀ ਡਰੋਨ ਦੇਖੇ ਜਾ ਚੁੱਕੇ ਹਨ। ਪਾਕਿਸਤਾਨ ਅਕਸਰ ਡਰੋਨਾਂ ਦੇ ਜ਼ਰੀਏ ਸ਼ੱਕੀ ਚੀਜ਼ਾਂ ਜਿਵੇਂ ਨਸ਼ੇ ਅਤੇ ਹਥਿਆਰ ਆਦਿ ਨੂੰ ਭਾਰਤੀ ਖੇਤਰ ਵਿਚ ਭੇਜਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਡਰੋਨਾਂ ਰਾਹੀਂ ਪਾਕਿਸਤਾਨ ਵੱਲੋਂ ਹਥਿਆਰ ਭੇਜਣ ਦੀ ਘਟਨਾ ਪਹਿਲਾਂ ਹੀ ਹੋ ਚੁੱਕੀ ਹੈ। ਬੀਐਸਐਫ ਦੇ ਮੁਸਤੈਦ ਜਵਾਨ ਪਾਕਿਸਤਾਨ ਦੀ ਅਜਿਹੀ ਹਰ ਕੋਸ਼ਿਸ਼ ਨੂੰ ਨਾਕਾਮ ਕਰਦੇ ਹਨ। 4 ਦਿਨ ਪਹਿਲਾਂ, ਇੱਕ ਪਾਕਿਸਤਾਨੀ ਡਰੋਨ ਗੁਰਦਾਸਪੁਰ ਵਿੱਚ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਸਥਿਤ ਕਲਾਨੌਰ ਵਿੱਚ ਵੇਖਿਆ ਗਿਆ ਸੀ। ਬੀਐਸਐਫ ਦੇ ਜਵਾਨਾਂ ਨੇ ਉਦੋਂ ਵੀ ਡਰੋਨਾਂ ‘ਤੇ ਗੋਲੀਆਂ ਚਲਾਈਆਂ ਅਤੇ ਸਰਚ ਅਭਿਆਨ ‘ਚ ਲੱਗ ਗਏ ਸਨ। ਹਾਲਾਂਕਿ, ਉਸ ਸਮੇਂ ਬੀਐਸਐਫ ਨੇ ਕੋਈ ਸ਼ੱਕੀ ਚੀਜ਼ਾਂ ਬਰਾਮਦ ਨਹੀਂ ਕੀਤੀਆਂ ਸਨ।