Unique blessing of : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੂਰੇ ਜੀਵਨ ਕਾਲ ‘ਚ ਬਹੁਤ ਸਾਰੀਆਂ ਉਦਾਸੀਆਂ ਕੀਤੀਆਂ। ਆਪਣੀਆਂ ਉਦਾਸੀਆਂ ਦੇ ਦੌਰਾਨ ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀ ਭਾਈ ਮਰਦਾਨਾ ਦੇ ਨਾਲ ਇੱਕ ਪਿੰਡ ਵਿੱਚ ਪਹੁੰਚੇ ਅਤੇ ਕੁਝ ਦਿਨ ਇਥੇ ਹੀ ਟਿਕਾਣਾ ਕੀਤਾ। ਇਸ ਪਿੰਡ ਦੇ ਲੋਕ ਨਿਰੇ ਮਨਮੱਤ ਸਨ, ਅਤੇ ਇਨ੍ਹਾਂ ਆਪਣੇ ਜੀਵਨ ‘ਚ ਅਧਿਆਤਮਿਕ ਕਦਰਾਂ-ਕੀਮਤਾਂ ਜਾਂ ਈਮਾਨਦਾਰੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ। ਕੁਝ ਦਿਨ ਬਾਅਦ ਪਿੰਡ ਨੂੰ ਛੱਡਣ ਵੇਲੇ ਬਾਬਾ ਨਾਨਕ ਜੀ ਨੇ ਪਿੰਡਵਾਸੀਆਂ ਨੂੰ ਅਸੀਸ ਦੇਂਦੇ ਹੋਇ ਕਿਹਾ “ਵਸਦੇ ਰਹੋ”।
ਇਸੇ ਤਰ੍ਹਾਂ ਅਗਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਇੱਕ ਹੋਰ ਪਿੰਡ ਪਹੁੰਚ ਗਏ। ਇਸ ਪਿੰਡ ਦੇ ਨਿਵਾਸੀ ਪਿਛਲੇ ਪਿੰਡ ਦੇ ਲੋਕਾਂ ਨਾਲੋਂ ਬਿਲਕੁਲ ਉਲਟ ਸੁਭਾਅ ਦੇ ਬਹੁਤ ਦਿਆਲੂ, ਇਮਾਨਦਾਰ ਅਤੇ ਰੂਹਾਨੀ ਵਿਚਾਰਵਾਨ ਸਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਮਨ ਲਾਕੇ ਸੇਵਾ ਕੀਤੀ ਅਤੇ ਬਹੁਤ ਸਤਿਕਾਰ ਦਿੱਤਾ। ਗੁਰੂ ਜੀ ਨੇ ਕੁਝ ਦਿਨ ਬਹੁਤ ਆਰਾਮ ਨਾਲ ਉੱਥੇ ਬਿਤਾਏ ਅਤੇ ਫਿਰ ਪਿੰਡ ਤੋਂ ਚਲੇ ਗਏ। ਪਿੰਡ ਛੱਡਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਹਰੀ ਇਲਾਕੇ ‘ਚ ਪਹੁੰਚ ਆਪਣਾ ਹੱਥ ਚੁੱਕ ਕੇ ਇਹ ਅਸੀਸ ਦਿਤੀ ਅਤੇ ਕਿਹਾ, “ਉਜੜ ਜਾਓ”।
ਗੁਰੂ ਜੀ ਦੇ ਇਹ ਬਚਨ ਸੁਣ ਭਾਈ ਮਰਦਾਨਾ ਜੀ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਗੁਰੂ ਜੀ ਨੂੰ ਪੁੱਛਿਆ “ਆਪ ਜੀ ਨੇ ਅਜਿਹੇ ਬਚਨ ਕਿਉਂ ਕੀਤੇ ਨੇ ਇਹਨਾਂ ਦਾ ਕੀ ਭੇਦ ਹੈ ?”ਗੁਰੂ ਜੀ ਨੇ ਬੜੇ ਸਹਿਜ ਨਾਲ ਜਵਾਬ ਦਿੱਤਾ – ਇਸ ਪਿੰਡ ਦੇ ਨਿਵਾਸੀ ਚੰਗੇ ਮੁੱਲਾਂ ਵਾਲੇ ਚੰਗੇ ਲੋਕ ਹਨ ਅਤੇ ਜੇ ਉਹ ਪਿੰਡ ਨੂੰ ਛੱਡ ਕੇ ਸੰਸਾਰ ਦੇ ਵੱਖ ਵੱਖ ਹਿੱਸਿਆਂ ‘ਚ ਜਾਂਦੇ ਹਨ ਤਾਂ ਜਿੱਥੇ ਵੀ ਇਹ ਜਾਣਗੇ ਉਥੇ ਹੀ ਇਹ ਲੋਕ ਸਥਾਨਕ ਆਬਾਦੀ ਵਿੱਚ ਇਹਨਾਂ ਕਦਰਾਂ ਨੂੰ ਫੈਲਾਉਣਗੇ। ਹੋਰ ਲੋਕ ਪ੍ਰਭਾਵਿਤ ਹੋ ਜਾਣਗੇ ਅਤੇ ਚੰਗੇ ਅਤੇ ਨੈਤਿਕ ਬਣਨਗੇ। ਇਸ ਤਰ੍ਹਾ ਸੰਸਾਰ ਬੇਹਤਰ ਬਣ ਜਾਵੇਗਾ। ਜਦਕਿ ਪਹਿਲੇ ਪਿੰਡ ਦੇ ਲੋਕਾਂ ਵਿੱਚ ਅਜਿਹਾ ਕੋਈ ਚੰਗਾ ਮੁੱਲ ਨਹੀਂ ਸੀ ਅਤੇ ਉਨ੍ਹਾਂ ਦਾ ਉਥੇ ਹੀ ਰਹਿਣਾ ਸੰਸਾਰ ਲਈ ਭਲਾ ਹੈ ਤਾਂ ਜੋ ਇਹ ਲੋਕ ਆਪਣੇ ਮਾੜੇ ਗੁਣ ਅਤੇ ਮੁੱਲ ਸੰਸਾਰ ਵਿੱਚ ਨਾ ਫੈਲਾ ਸਕਣ।