National hockey player : ਫਤਹਿਗੜ੍ਹ ਸਾਹਿਬ : ਬੀਤੀ 30 ਜਨਵਰੀ ਦੀ ਰਾਤ ਨੂੰ ਬੱਸੀ ਪਠਾਣਾ ਵਿੱਚ ਸਤਪਾਲ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ 3 ਫਰਵਰੀ ਨੂੰ ਉਸ ਦੀ ਮੌਤ ‘ਚ ਨਾਮਜ਼ਦ ਇੱਕ ਪਰਿਵਾਰ ਦੇ ਪੰਜ ਮੈਂਬਰਾਂ ‘ਚ ਸ਼ਾਮਲ ਲੜਕੀ ਹਾਕੀ ਦੀ ਰਾਸ਼ਟਰੀ ਖਿਡਾਰੀ ਨਿਕਲੀ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨੀਤ ਕੌਂਡਲ ਐਸਐਸਪੀ ਨੇ ਦੱਸਿਆ ਕਿ ਪਿਛਲੇ ਦਿਨੀਂ ਬੱਸੀ ਪਠਾਣਾ ਕਸਬੇ ਦੇ ਮੁਹੱਲਾ ਜਰਖੇਲਾਂ ਦੇ ਦੋ ਗੁਆਂਢੀਆਂ ਵਿਚਕਾਰ ਨਿਜੀ ਦੁਸ਼ਮਣੀ ਕਾਰਨ ਆਪਸ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਸਤਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਪੀਜੀਆਈ ਲਿਜਾਇਆ ਗਿਆ, ਜਿਥੇ ਉਸਨੇ ਦਮ ਤੋੜ ਦਿੱਤਾ। ਜ਼ਖਮੀ ਹੋਣ ਅਤੇ ਇੱਕ ਕੇਸ ਧਾਰਾ 302, 148, 149, 201 ਆਈਪੀਸੀ ਥਾਣਾ ਬੱਸੀ ਪਠਾਣਾ ਵਿਖੇ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸੁਖਮਿੰਦਰ ਸਿੰਘ ਚੌਹਾਨ ਡੀਐਸਪੀ ਬੱਸੀ ਪਠਾਣਾ ਅਤੇ ਐਸਐਚਓ ਮਨਪ੍ਰੀਤ ਸਿੰਘ ਦਿਓਲ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ 24 ਘੰਟਿਆਂ ਵਿੱਚ ਕਤਲ ਦੇ ਭੇਤ ਦਾ ਹੱਲ ਕੱਢਿਆ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮਨਪ੍ਰੀਤ ਸਿੰਘ ਦਿਓਲ ਐਸ.ਐਚ.ਓ ਬੱਸੀ ਪਠਾਣਾ ਨੇ ਦੱਸਿਆ ਕਿ ਸੋਮਾ ਸਿੰਘ ਅਤੇ ਸਵਰਨ ਸਿੰਘ ਉਰਫ ਕੱਟੀ ਦੇ ਪਰਿਵਾਰ ਦੀ ਆਪਸੀ ਰੰਜਿਸ਼ ਸੀ ਅਤੇ 3 ਫਰਵਰੀ ਨੂੰ ਪਰਿਵਾਰ ਵਿਚ ਝਗੜਾ ਹੋਇਆ ਸੀ ਅਤੇ ਝਗੜੇ ਵਿਚ ਸਤਪਾਲ ਸਿੰਘ ਪੁੱਤਰ ਸੋਮਾ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਹਾਕੀ ਨਾਲ ਸਤਪਾਲ ਦੇ ਸਿਰ ‘ਤੇ ਕਈ ਵਾਰ ਕੀਤੇ ਗਏ ਸਨ ਜਿਸ ਨਾਲ ਸਤਪਾਲ ਦੇ ਸਿਰ ‘ਚ ਡੂੰਘੀ ਸੱਟ ਲੱਗ ਗਈ। ਜਿਸ ਕਾਰਨ ਉਸ ਨੂੰ ਪੀ.ਜੀ.ਆਈ ‘ਚ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸੋਮਾ ਸਿੰਘ ਨੇ ਪੁਲਿਸ ਵਿਚ ਐਫਆਈਆਰ ਦਰਜ ਕਰਕੇ ਦੋਸ਼ ਲਾਇਆ ਹੈ ਕਿ ਸਵਰਨ ਸਿੰਘ ਉਰਫ ਕੱਟੀ ਉਸਦੀ ਪਤਨੀ ਗੁਰਿੰਦਰ ਕੌਰ ਉਰਫ ਸੋਨੀ, ਉਸਦੀ ਲੜਕੀ ਗਗਨਪ੍ਰੀਤ ਕੌਰ ਹਾਕੀ ਖਿਡਾਰੀ, ਉਸਦੇ ਲੜਕੇ ਅੰਮ੍ਰਿਤਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਜੁਵੇਨਾਈਲ ਨੇ ਉਸਦੇ ਬੇਟੇ ਨੂੰ ਹਾਕੀਆਂ ਨਾਲ ਕੁੱਟਿਆ ਅਤੇ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਵਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਮੁਢਲੀ ਪੁੱਛਗਿੱਛ ਦੌਰਾਨ ਉਸਨੇ ਸੱਚਾਈ ਦਾ ਖੁਲਾਸਾ ਕੀਤਾ ਅਤੇ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਗਗਨਪ੍ਰੀਤ ਕੌਰ ਦਾ ਦਾਅਵਾ ਹੈ ਕਿ ਉਹ ਨੈਸ਼ਨਲ ਹਾਕੀ ਖਿਡਾਰੀ ਹੈ ਅਤੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਰਿਮਾਂਡ ਲਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਮਨਪ੍ਰੀਤ ਸਿੰਘ ਨਾਬਾਲਗ ਹੈ ਅਤੇ ਅਦਾਲਤ ਨੇ ਉਸਨੂੰ ਬਾਲ ਸੁਧਾਰ ਘਰ ਲੁਧਿਆਣਾ ਭੇਜ ਦਿੱਤਾ।