Historical Gurdwara Sri : ਗੁਰਦੁਵਾਰਾ ਸ਼੍ਰੀ ਬਾਲਾ ਸਾਹਿਬ, ਦਿੱਲੀ ਵਿੱਚ ਬਾਹਰੀ ਰਿੰਗ ਰੋਡ ਵਿੱਚ ਸਥਿਤ ਹੈ। ਗੁਰਦੁਆਰਾ ਸਾਹਿਬ, ਯਮੁਨਾ ਨਦੀ ਦੇ ਕੰਢੇ ਸਥਿਤ ਹੈ। ਇਹ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਯਾਦ ‘ਚ ਬਣਾਇਆ ਗਿਆ ਹੈ। ਜਦੋਂ ਔਰੰਗਜ਼ੇਬ ਨੇ ਆਪ ਜੀ ਨੂੰ ਦਿੱਲੀ ਬੁਲਾਇਆ ਚਾਹਿਆ ਤਾਂ ਅੰਬਰ ਪਤੀ ਮਿਰਜਾ ਜੈ ਸਿੰਘ ਦੀ ਬੇਨਤੀ ਕਰਨ ‘ਤੇ ਆਪ ਦਿੱਲ5 ਚਲੇ ਗਏ। ਦਿੱਲੀ ਆ ਕੇ ਗੁਰੂ ਸਾਹਿਬ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਾਲੇ ਸਥਾਨ ‘ਤੇ ਡੇਰਾ ਕੀਤਾ ਜੋ ਉਨ੍ਹਾਂ ਦਿਨਾਂ ‘ਚ ਰਾਜਾ ਜੈ ਸਿੰਘ ਦਾ ਬੰਗਲਾ ਸੀ। ਉਸ ਸਮੇਂ ਸ਼ਹਿਰ ‘ਚ ਹੈਜ਼ਾ ਤੇ ਚੇਚਕ ਦੀ ਹਵਾ ਫੈਲੀ ਹੋਈ ਸੀ ਤੇ ਰੋਜ਼ਾਨਾ ਕਾਫੀ ਮੌਤਾਂ ਹੋ ਰਹੀਆਂ ਸਨ। ਗੁਰੂ ਸਾਹਿਬ ਜੀ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਭ ਲੋਕਾਈ ਦਾ ਦੁੱਖ ਆਪਣੇ ‘ਤੇ ਲੈ ਲਿਆ।
ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਬੀਮਾਰ ਹੋ ਗਏ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸ਼ਹਿਰ ਤੋਂ ਕੁਝ ਦੂਰ ਦੀ ਥਾਂ ‘ਤੇ ਲੈ ਜਾਣ। ਸਿੱਖ ਇਥੇ ਯਮੁਨਾ ਨਦੀ ਦੇ ਕੰਢੇ ਖੁੱਲ੍ਹੇ ਮੈਦਾਨ ‘ਚ ਤੰਬੂ ਲਾ ਦਿੱਤੇ। ਇਸੇ ਜਗ੍ਹਾ ‘ਤੇ ਗੁਰੂ ਜੀ ਨੇ ਆਪਣਾ ਆਖਰੀ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਦਿੱਤਾ ਕਿ ਉਹ 5 ਪੈਸੇ ਅਤੇ ਇੱਕ ਨਾਰਿਅਲ ਲੈ ਆਉਣ ਤਾਂ ਸ਼ਰਧਾਲੂਆਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਹੌਸਲਾ ਦਿੱਤਾ ਤੇ ਬਚਨ ਕੀਤਾ “ਬਾਬਾ ਬਕਾਲੇ”।
ਇਹ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੇ। ਇਸੇ ਸਥਾਨ ‘ਤੇ ਗੁਰੂ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਅਤੇ ਅਸਥੀਆਂ ਨੂੰ ਕੀਰਤਪੁਰ ਸਾਹਿਬ ਲਿਜਾਇਆ ਗਿਆ। ਇਸ ਅਸਥਾਨ ‘ਤੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਤੇ ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਵੀ ਹਨ।