BSF seizes 2 : ਅੰਮ੍ਰਿਤਸਰ : ਪਾਕਿਸਤਾਨ ਵੱਲੋਂ ਕੀਤੀ ਜਾ ਰਹੀਆਂ ਗਲਤ ਹਰਕਤਾਂ ‘ਤੇ ਨਜ਼ਰ ਰੱਖਣ ਲਈ ਪਿਛਲੇ ਕਾਫੀ ਸਮੇਂ ਤੋਂ BSF ਵੱਲੋਂ ਸਰਚ ਮੁਹਿੰਮ ਚਲਾਈ ਗਈ ਹੈ। ਇਸੇ ਅਧੀਨ ਬੀਐਸਐਫ ਨੇ ਮੰਗਲਵਾਰ ਸਵੇਰੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਸਰਚ ਅਭਿਆਨ ਦੌਰਾਨ ਇੱਕ ਪਿਸਤੌਲ, ਇੱਕ ਮੈਗਜ਼ੀਨ, 11 ਜਿੰਦਾ ਕਾਰਤੂਸ ਅਤੇ ਇੱਕ ਪੰਪ ਬੰਦੂਕ ਬਰਾਮਦ ਕੀਤੀ ਹੈ। ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਬਾਰਡਰ ਆਬਜ਼ਰਵੇਸ਼ਨ ਪੋਸਟ (ਬੀਓਪੀ) ਰਜਤਾਲਾ ਤੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀ. ਓ. ਪੀ. ਰਾਜਾਤਾਲ ਇਲਾਕੇ ‘ਚ ਲਗਾਤਾਰ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆਏ ਤਸਕਰ ਭਾਰਤ ਤੋਂ ਆਪਣੇ ਸਾਥੀ ਤਸਕਰਾਂ ਨੂੰ ਹੈਰੋਇਨ ਅਤੇ ਹਥਿਆਰ ਭੇਜਣ ਜਾ ਰਹੇ ਸਨ। ਇਸ ਤੋਂ ਬਾਅਦ, ਸਰਹੱਦੀ ਖੇਤਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਤੋਂ 60 ਮੀਟਰ ਅਤੇ ਕੰਡਿਆਲੀ ਤਾਰ ਤੋਂ 200 ਮੀਟਰ ਪਹਿਲਾਂ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਹੋਈ। ਕਈ ਘੰਟਿਆਂ ਦੀ ਭਾਲ ਤੋਂ ਬਾਅਦ, ਸ਼ਾਮ ਨੂੰ, ਇੱਕ ਖੇਤ ਵਿੱਚ ਤਾਜੀ ਮਿੱਟੀ ਖੋਦੇ ਜਾਣ ਬਾਰੇ ਪਤਾ ਲੱਗਾ, ਇਸ ‘ਤੇ ਬਾਰਡਰ ਸਿਕਿਓਰਿਟੀ ਫੋਰਸ ਅਤੇ ਪੁਲਿਸ ਦੇ ਜਵਾਨਾਂ ਨੇ ਜ਼ਮੀਨ ਦੀ ਖੁਦਾਈ ਕੀਤੀ, ਅਤੇ ਇਸਦੇ ਅੰਦਰ ਲੁਕੀ ਹੋਈ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ।
ਇਸ ਸਮੇਂ ਦੌਰਾਨ, ਕਿਸੇ ਦੇ ਫੜੇ ਜਾਣ ਜਾਂ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਨਹੀਂ ਹੋਈ ਹੈ। ਬੀਐਸਐਫ ਦੇ ਜਵਾਨ ਅਤੇ ਪੰਜਾਬ ਪੁਲਿਸ ਦੇ ਕਰਮਚਾਰੀ ਦੇਰ ਸ਼ਾਮ ਤੱਕ ਇਲਾਕੇ ਦੀ ਭਾਲ ਕਰ ਰਹੇ ਹਨ। ਇਸ ਸੰਬੰਧੀ ਜਦੋਂ ਬੀਐਸਐਫ ਫਰੰਟੀਅਰ ਜਲੰਧਰ ਦੇ ਆਈਜੀ ਮਹੀਪਾਲ ਯਾਦਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦੱਸ ਦੇਈਏ ਕਿ ਗੁਆਂਢੀ ਦੇਸ਼ ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਆਪਣੇ ਮਾੜੇ ਇਰਾਦਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਸਰਹੱਦ ਤੋਂ ਨਸ਼ਿਆਂ ਅਤੇ ਹਥਿਆਰਾਂ ਦੀਆਂ ਖੇਪਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਕਈ ਡਰੋਨ ਬੀਐਸਐਫ ਦੁਆਰਾ ਸੁੱਟੇ ਗਏ ਹਨ। ਸਰਹੱਦ ਨੇੜੇ ਏ ਕੇ 47 ਸਮੇਤ ਵੱਡੀ ਗਿਣਤੀ ਵਿਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ।