Balbir singh rajewal said : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿੱਛਲੇ 78 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਜਾਰੀ ਕਿਸਾਨ ਅੰਦੋਲਨ ਇੱਕ ਵਾਰ ਫਿਰ ਜ਼ੋਰ ਫੜਦਾ ਜਾਪ ਰਿਹਾ ਹੈ। ਗਣਤੰਤਰ ਦਿਵਸ ‘ਤੇ ਹੋਈ ਘਟਨਾ ਤੋਂ ਬਾਅਦ ਕਿਸਾਨ ਅੰਦੋਲਨ ਕੁੱਝ ਢਿੱਲਾ ਹੋ ਗਿਆ ਸੀ, ਪਰ ਉਸ ਤੋਂ ਬਾਅਦ ਰਾਕੇਸ਼ ਟਿਕੈਤ ਦੇ ਭਾਵੁਕ ਹੋਣ ਕਾਰਨ ਇੱਕ ਵਾਰ ਫਿਰ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਜਿਸ ਤੋਂ ਬਾਅਦ ਅੰਦੋਲਨ ਫ਼ਿਰ ਮਜਬੂਤ ਹੋ ਗਿਆ। ਇਸ ਤੋਂ ਬਾਅਦ ਹੁਣ ਕਿਸਾਨ ਆਗੂਆਂ ਵਲੋਂ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਮਹਾਂਪੰਚਾਇਤਾਂ ਕਰ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਹੁਣ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਜਗਰਾਓਂ ‘ਚ ਅੱਜ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ। ਮਹਾਂਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ।
ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਨਹੀਂ, ਸਗੋਂ ਵਾਪਰੀਆਂ ਲਈ ਲਿਆਂਦੇ ਗਏ ਹਨ। ਇਸ ਮੌਕੇ ਕੇਂਦਰ ਸਰਕਾਰ ਦੇ ਨਾਲ-ਨਾਲ ਉਨ੍ਹਾਂ ਨੇ PM ਮੋਦੀ ‘ਤੇ ਵੀ ਜਮ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕੇ ਇਸ ਤੋਂ ਪਹਿਲਾ ਵੀ ਕਈ ਪ੍ਰਧਾਨ ਮੰਤਰੀਆਂ ਨਾਲ ਕਈ ਮੁੱਦਿਆਂ ‘ਤੇ ਚਰਚਾ ਕਰ ਚੁੱਕਾ ਹਾਂ, ਪਰ ਮੈਨੂੰ ਅੱਜ ਦਾ ਪ੍ਰਧਾਨ ਮੰਤਰੀ ਸਭ ਤੋਂ ਵੱਧ ਝੂਠਾ, ਡ੍ਰਾਮੇਬਾਜ਼ ਅਤੇ ਬੇਈਮਾਨ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਦੌਰਾਨ ਵੀ ਉਨ੍ਹਾਂ ਵਲੋਂ ਇਹ ਗੱਲ ਆਖੀ ਗਈ ਸੀ ਕਿ ਉਹ ਵੀ ਵਾਰ-ਵਾਰ ਕਿਸਾਨਾਂ ਦੇ ਮੁੱਦੇ ‘ਤੇ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਸ ਵਾਰ ਦਾ ਬਜਟ ਵੀ ਦੇਸ਼ ਦੇ ਲੋਕ ਲਈ ਨਹੀਂ ਹੈ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕੇ ਸਰਕਾਰ ਸਭ ਕੁੱਝ ਵੇਚ ਰਹੀ ਹੈ। ਉਨ੍ਹਾਂ PM ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 2 ਗੁਜਰਾਤੀ 2 ਗੁਜਰਾਤੀਆਂ ਨੂੰ ਦੇਸ਼ ਲੁੱਟਾ ਰਹੇ ਹਨ। ਹਰ ਪਾਸੇ ਅੰਬਾਨੀ-ਅਡਾਨੀ ਹੀ ਹਨ।
ਬਲਬੀਰ ਸਿੰਘ ਰਾਜੇਵਾਲ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਲੰਬਾ ਚੱਲਣ ਵਾਲਾ ਅੰਦੋਲਨ, ਸਭ ਤੋਂ ਸ਼ਾਂਤਮਈ ਅਤੇ ਰਿਕਾਰਡ ਕਰਨ ਵਾਲਾ ਅੰਦੋਲਨ ਹੈ। ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਾ ਹੈ। ਪੰਜਾਬ ਤੋਂ ਬਾਅਦ ਹਰਿਆਣਾ, ਯੂਪੀ, ਉੱਤਰਾਖੰਡ ਅਤੇ ਰਾਜਸਥਾਨ ਨੇ ਇਸ ਅੰਦੋਲਨ ਵਿੱਚ ਹਿੱਸਾ ਲਿਆ ਸੀ, ਪਰ ਹੁਣ ਇਹ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ ਹੈ। ਰਾਜੇਵਾਲ ਨੇ ਫਿਰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਅੰਦੋਲਨ ਸ਼ਾਂਤਮਈ ਰਹੇਗਾ, ਉਦੋਂ ਤੱਕ ਸਾਡੀ ਜਿੱਤ ਯਕੀਨੀ ਹੈ ਅਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਸ ਦਿਨ ਇਸ ਅੰਦੋਲਨ ‘ਚ ਹਿੰਸਾ ਹੋਵੇਗੀ, ਉਸ ਦਿਨ ਕਿਸਾਨਾਂ ਦੀ ਹਰ ਹੋਵੇਗੀ ਅਤੇ ਮੋਦੀ ਸਰਕਾਰ ਦੀ ਜਿੱਤ ਹੋ ਜਾਵੇਗੀ। ਪੰਜਾਬ ਦੇ ਨੌਜਵਾਨਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਨੌਜਵਾਨਾਂ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਨੌਜਵਾਨਾਂ ਨੂੰ ਜੋਸ਼ ਅਤੇ ਹੋਸ਼ ਦੋਵਾਂ ਨਾਲ ਅੱਗੇ ਵੱਧਣਾ ਪਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੰਦੋਲਨ ਦੌਰਾਨ ਅੱਜ ਤੱਕ ਕੋਈ ਅਜਿਹੀ ਖ਼ਬਰ ਨਹੀਂ ਆਈ ਕਿ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਹੈ। ਨੌਜਵਾਨਾਂ ਨੇ ਨਸ਼ੇੜੀ ਵਾਲਾ ਕਲੰਕ ਧੋਹ ਦਿੱਤਾ ਹੈ। ਉਨ੍ਹਾਂ ਕਿਹਾ ਸਾਡੇ ਨੌਜਵਾਨ ਅੱਜ ਦਿੱਲੀ ਦੇ ਬਾਡਰਾਂ ‘ਤੇ ਖ਼ੁਦ ਸਫ਼ਾਈ ਕਰ ਰਹੇ ਹਨ, ਟ੍ਰੈਫਿਕ ਕੰਟਰੋਲ ਕਰ ਰਹੇ ਹਨ, ਲੰਗਰਾਂ ‘ਚ ਸੇਵਾ ਕਰ ਰਹੇ ਹਨ।
ਇਹ ਵੀ ਦੇਖੋ : ਸਰਕਾਰ ਨਾਲ ਮੁੜ ਕਦੋਂ ਹੋਵੇਗੀ ਗੱਲ?ਸੁਣੋ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ!