‘Rose’ campaign launched : ਕੱਲ੍ਹ ਵੈਲੇਨਟਾਈਨ ਡੇ ਮੌਕੇ ਅਮਰੀਕਾ ਰਹਿ ਰਹੇ ਪ੍ਰਵਾਸੀ ਭਾਰਤੀਆਂ ਵੱਲੋਂ ਕਿਸਾਨਾਂ ਦੇ ਸਮਰਥਨ ‘ਚ ‘ਗੁਲਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ ‘ਦਿ ਗਲੋਬਲ ਇੰਡੀਅਨ ਪ੍ਰੋਗ੍ਰੈਸਿਵ ਅਲਾਇੰਸ’ (ਜੀ. ਆਈ. ਪੀ. ਡੀ.) ਵੱਲੋਂ ਕੀਤੀ ਗਈ। ਪ੍ਰਵਾਸੀ ਭਾਰਤੀਆਂ ਨਾਲ ਜੁੜੇ ਸੰਗਠਨਾਂ ਦੇ ਇੱਕ ਸਮੂਹ ਨੇ ਭਾਰਤ ‘ਚ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਸੋਸ਼ਲ ਮੀਡੀਆ ‘ਤੇ ਪੋਸਟ ਪਾਉਂਦੇ ਹੋਏ ਕਿਹਾ ਕਿ PM ਮੋਦੀ ਨੂੰ ਇੱਕ ਗੁਲਾਬ ਭੇਜ ਕੇ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਹਾ ਜਾਵੇ ਜਾਂ ਸਬੰਧਤ ਖੇਤਰ ‘ਚ ਭਾਰਤੀ ਅੰਬੈਸੀ ਕੌਸੁਲੇਟ ‘ਚ ਗੁਲਾਬ ਭੇਜ ਕੇ ਭਾਰਤ ‘ਚ ਖੇਤੀ ਕਾਨੂੰਨਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹੋਣ ਲਈ ਇਕਜੁੱਟਤਾ ਪ੍ਰਗਟਾਈ ਜਾਵੇ।
ਸੰਗਠਨ ਨੇ ਕਿਹਾ ਕਿ ਪਿਆਰ ਨਾਲ ਨਫਰਤ ਨੂੰ ਜਿੱਤਿਆ ਜਾ ਸਕਦਾ ਹੈ। ਇਸੇ ਲਈ ਉਨ੍ਹਾਂ ਨੇ ਭਾਰਤੀ ਕੌਂਸੁਲੇਟਾਂ ਦੇ ਨਾਂ ਇੱਕ ਚਿੱਠੀ ਵੀ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਲਈ ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਅੰਦੋਲਨਕਾਰੀਆਂ ਦੀ ਹਮਾਇਤ ਕਰਨ ਨੂੰ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਇਸ ਅੰਦੋਲਨ ‘ਚ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋ ਰਹੇ ਹਨ ਤੇ ਬਜਾਏ ਸੋਗ ਪ੍ਰਗਟ ਕਰਨ ਦੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੇ ਕੇਂਦਰ ਵੱਲੋਂ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ, ਜਿਸ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਜਾਰੀ ਹੈ। ਅੰਦੋਲਨ ਨੇ ਇੱਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ। ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਪਹਿਲਾਂ ਹਰਿਆਣਾ ‘ਚ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਪੰਜਾਬ ਵੀ ਹੁਣ ਪਿੱਛੇ ਨਹੀਂ ਰਿਹਾ। ਇਥੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਲਈ ਲਗਾਤਾਰ ਮਹਾ ਪੰਚਾਇਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਉਨ੍ਹਾਂ ਵੱਲੋਂ ਸਿਰਫ ਇਕੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।