Deep sidhu police remand ending today: ਨਵੀਂ ਦਿੱਲੀ: 26 ਜਨਵਰੀ ਨੂੰ ਰਾਜਧਾਨੀ ਦਿੱਲੀ ਵਿੱਚ ਹੋਈ ਘਟਨਾ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਦੀ 7 ਦਿਨਾਂ ਦੀ ਪੁਲਿਸ ਰਿਮਾਂਡ ਅੱਜ ਖਤਮ ਹੋ ਰਹੀ ਹੈ। ਦੀਪ ਸਿੱਧੂ ਨੂੰ ਅੱਜ ਸਵੇਰੇ 10.30 ਵਜੇ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਲਈ ਸ਼ਨੀਵਾਰ ਨੂੰ ਦਿੱਲੀ ਪੁਲਿਸ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ ਲੈ ਗਈ ਸੀ । ਪੁਲਿਸ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਵਾਪਰੀ ਘਟਨਾ ਅਤੇ ਅਰਾਜਕਤਾ ਲਈ ਦੀਪ ਸਿੱਧੂ ਦਾ ਹੱਥ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ 8 ਫਰਵਰੀ ਦੀ ਰਾਤ ਨੂੰ ਹਰਿਆਣਾ ਦੇ ਕਰਨਾਲ ਬਾਈਪਾਸ ਨੇੜਿਓਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੀਪ ਸਿੱਧੂ ਨੂੰ ਅਦਾਲਤ ਨੇ 9 ਫਰਵਰੀ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਪੁਲਿਸ ਨੇ ਇਹ ਕਹਿੰਦੇ ਹੋਏ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ ਕਿ ਅਜਿਹੀਆਂ ਵੀਡਿਓਜ਼ ਹਨ ਜਿਨ੍ਹਾਂ ਵਿੱਚ ਸਿੱਧੂ ਨੂੰ ਕਥਿਤ ਤੌਰ ‘ਤੇ ਘਟਨਾ ਸਥਾਨ ‘ਤੇ ਦੇਖਿਆ ਜਾ ਸਕਦਾ ਹੈ।
ਪੁਲਿਸ ਨੇ ਕਿਹਾ ਸੀ ਕਿ ਅਜਿਹੇ ਕੇਸ ਵਿੱਚ ਦੂਜੇ ਮੁਲਜ਼ਮਾਂ ਦੀ ਉਨ੍ਹਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਉਸ ਤੋਂ ਪੁੱਛ-ਗਿੱਛ ਕਰਨੀ ਜ਼ਰੂਰੀ ਹੈ। ਜਾਂਚ ਅਧਿਕਾਰੀ ਨੇ ਦੋਸ਼ ਲਾਇਆ ਸੀ ਕਿ ਉਹ ਭੀੜ ਨੂੰ ਭੜਕਾ ਰਿਹਾ ਸੀ। ਪੁਲਿਸ ਨੇ ਕਿਹਾ ਸੀ ਕਿ ਸਹਿ-ਸਾਜ਼ਿਸ਼ ਰਚਣ ਵਾਲਿਆਂ ਦੀ ਪਛਾਣ ਕਰਨ ਲਈ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੋਜਣ ਦੀ ਜ਼ਰੂਰਤ ਹੈ। ਪੁਲਿਸ ਨੇ ਇਹ ਵੀ ਦੋਸ਼ ਲਾਇਆ ਕਿ ਸਿੱਧੂ ਵੀਡੀਓ ਵਿੱਚ ਲਾਲ ਕਿਲ਼੍ਹੇ ਵਿੱਚ ਆਪਣੇ ਸਾਥੀਆਂ ਨਾਲ ਦਾਖਲ ਹੁੰਦੇ ਨਜ਼ਰ ਆ ਰਹੇ ਹਨ ਅਤੇ ਜਦੋਂ ਝੰਡਾ ਲਹਿਰਾਇਆ ਗਿਆ, ਉਹ ਉੱਥੇ ਹੀ ਮੌਜੂਦ ਸੀ।