Shaheed Bhai Taroo : ਸਿੱਖ ਇਤਿਹਾਸ ‘ਚ ਸ਼ਹੀਦੀ ਪ੍ਰੰਪਰਾ ਦਾ ਆਰੰਭ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਹੁੰਦਾ ਹੈ। ਇਸ ਸ਼ਹੀਦੀ ਪ੍ਰੰਪਰਾ ‘ਚ ਯੋਗਦਾਨ ਪਾਉਂਣ ਵਾਲੇ ਸਿੰਘ-ਸਿੰਘਣੀਆਂ ’ਚੋਂ ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿੰਨਾਂ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਖੋਪਰੀ ਉਤਰਵਾ ਲਈ ਪਰ ਧਰਮ ਨਹੀਂ ਹਾਰਿਆ। ਭਾਈ ਤਾਰੂ ਸਿੰਘ ਜੀ ਅਠਾਰ੍ਹਵੀਂ ਸਦੀ ਦੇ ਸ਼ਹੀਦਾਂ ਵਿਚੋਂ ਇਕ ਮਹਾਨ ਸਿੱਖ ਸ਼ਹੀਦ ਹਨ, ਜਿਨ੍ਹਾਂ ਦਾ ਜਨਮ 1716 ਈਸਵੀ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਹੋਇਆ। ਸ਼ਹੀਦ ਭਾਈ ਤਾਰੂ ਸਿੰਘ ਜੀ ਇਕ ਮਿਹਨਤੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਭਾਈ ਤਾਰੂ ਸਿੰਘ ਜੀ ਨੇ ਜੰਗਲਾਂ ‘ਚ ਲੁਕ ਕੇ ਰਹਿੰਦੇ ਸਿੰਘਾਂ ਵਾਸਤੇ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇਕ ਮੁਖ਼ਬਰ ਹਰਿ ਭਗਤ ਨਿਰੰਜਨੀਏ ਨੇ ਸਮੇਂ ਦੀ ਹਕੂਮਤ ਕੋਲ ਇਸ ਬਾਰੇ ਚੁਗਲੀ ਲਾਈ ਤਾਂ ਇਹ ਗੱਲ ਜ਼ਕਰੀਆ ਖ਼ਾਨ ਤੋਂ ਬਰਦਾਸ਼ਤ ਨਹੀਂ ਹੋਈ। ਉਸ ਨੇ ਹੁਕਮ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿਖੇ ਤਲਬ ਕਰ ਲਿਆ।
ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਉਪਰੰਤ ਮੁਗਲਾਂ ਵੱਲੋਂ ਸਿੱਖਾਂ ਉੱਤੇ ਬਹੁਤ ਅਤਿਆਚਾਰ ਕੀਤੇ ਗਏ। ਜਦੋਂ ਬਾਬਾ ਜੀ ਨੂੰ ਗੁਰਦਾਸ ਨੰਗਲ ਦੀ ਲੜਾਈ ਦੌਰਾਨ ਫੜ ਕੇ ਲਾਹੌਰ ਦਾ ਗਵਰਨਰ ਅਬਦੁਲ ਸਮੁੰਦ ਖ਼ਾਂ ਲਾਹੌਰ ਲੈ ਕੇ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਲਾਹੌਰ ਤੋਂ ਦਿੱਲੀ ਲਿਜਾਏ ਜਾਣ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਗਰ ਸਿੱਖਾਂ ਦੇ ਸੀਸਾਂ ਨਾਲ ਭਰੇ ਹੋਏ ਗੱਜੇ ਵੀ ਸਨ ਅਤੇ ਦੋ ਹਜ਼ਾਰ ਸਿੰਘਾਂ ਦੇ ਸੀਸ ਨੇਜਿਆਂ ਉੱਪਰ ਟੰਗੇ ਹੋਏ ਸਨ।
ਇਸ ਉਪਰੰਤ 1734 ਈਸਵੀ ਵਿਚ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ। ਉਸ ਵੇਲੇ ਪੰਜਾਬ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਪਰ ਜ਼ੁਲਮ ਹੋਰ ਵਧਾ ਦਿੱਤੇ। ਜ਼ਕਰੀਆ ਖ਼ਾਨ ਨੇ ਹੁਕਮ ਦਿੱਤਾ ਕਿ ‘ਮੈਨੂੰ ਕਿਸੇ ਪਾਸੇ ਕੋਈ ਸਿੱਖ ਦਿਸਣਾ ਨਹੀਂ ਚਾਹੀਦਾ।’ ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਸਿੱਖਾਂ ਨੇ ਜੰਗਲਾਂ ਵਿਚ ਟਿਕਾਣੇ ਕਰ ਲਏ। ਜਦ ਕਦੇ ਵੀ ਮੌਕਾ ਲਗਦਾ ਤਾਂ ਉਹ ਆ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆ ਕੇ ਮੱਥਾ ਟੇਕ ਜਾਂਦੇ, ਇਸ਼ਨਾਨ ਕਰ ਜਾਂਦੇ ਤੇ ਜੰਗਲਾਂ ਵਿਚੋਂ ਹੀ ਵਿਓਂਤ ਬਣਾ ਕੇ ਜ਼ਾਲਮ ਸਰਕਾਰ ਨਾਲ ਟੱਕਰ ਲੈ ਜਾਂਦੇ। ਭਾਈ ਤਾਰੂ ਸਿੰਘ ਜੀ ਨੂੰ ਧਰਮ ਦੀ ਇਸ ਸੇਵਾ ਬਦਲੇ ਅਸਹਿ ਤੇ ਅਕਹਿ ਤਸੀਹੇ ਸਹਿਣੇ ਪਏ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣ ਜਾਣ ਵਾਸਤੇ ਕਈ ਲਾਲਚ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਨੂੰ ਛੱਡ ਕੇ ਦੀਨ ਕਬੂਲ ਕਰ ਲਵੇ ਤੇ ਇਸ ਦੇ ਬਦਲੇ ਉਸ ਨੂੰ ਦੁਨੀਆ ਭਰ ਦੀਆਂ ਖ਼ੁਸ਼ੀਆਂ ਤੇ ਸੁੱਖ-ਸਹੂਲਤਾਂ ਮਿਲਣਗੀਆਂ ਪਰ ਭਾਈ ਤਾਰੂ ਸਿੰਘ ਜੀ ਸਿੱਖੀ ਸਿਦਕ ਤੋਂ ਨਾ ਡੋਲੇ। ਭਾਈ ਤਾਰੂ ਸਿੰਘ ਜੀ ਵੀ ਖੋਪਰੀ ਲਾਹੇ ਜਾਣ ਤੋਂ ਬਾਅਦ 22 ਦਿਨ ਬਾਅਦ 1 ਜੁਲਾਈ 1745 ਈਸਵੀ ਨੂੰ ਸ਼ਹਾਦਤ ਪ੍ਰਾਪਤ ਕਰ ਗਏ।