Bengal Parivartan Yatra: ਪੱਛਮੀ ਬੰਗਾਲ ਵਿੱਚ ਚੋਣ ਹਿੰਸਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਬੀਤੇ ਦਿਨੀਂ ਉੱਤਰ ਚੌਵੀਸ ਪਰਗਣਾ ਵਿੱਚ ਭਾਜਪਾ ਦੀ ਪਰਿਵਰਤਨ ਯਾਤਰਾ ‘ਤੇ ਹਮਲਾ ਕੀਤਾ ਗਿਆ। ਬੰਗਾਲ ਦੇ ਉੱਤਰੀ 24 ਪਰਗਣਾ ਵਿੱਚ ਭਾਜਪਾ ਦੀ ਪਰਿਵਰਤਨ ਯਾਤਰਾ ਦੇ ਦੌਰਾਨ ਕਾਫੀ ਹੰਗਾਮਾ ਹੋਇਆ। ਬੰਗਾਲ ਦੇ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਨੇ ਦੋਸ਼ ਲਾਇਆ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਇੱਕ ਦਫ਼ਤਰ ਤੋਂ ਪੱਥਰਬਾਜ਼ੀ ਕੀਤੀ ਗਈ ਸੀ ਅਤੇ ਹਮਲੇ ਵਿੱਚ ਦੇਸੀ ਬੰਬ ਵਰਤੇ ਗਏ ਸਨ। ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਵੀ ਟੀਐਮਸੀ ਉੱਤੇ ਪਰਿਵਰਤਨ ਰੈਲੀ ਵਿੱਚ ਬੰਬ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਹੈ।
ਇੱਕ ਟਵੀਟ ਵਿੱਚ ਦਿਲੀਪ ਘੋਸ਼ ਨੇ ਕਿਹਾ, “ਉੱਤਰੀ 24 ਪਰਗਾਨ ਜ਼ਿਲ੍ਹੇ ਦੇ ਮਿਨਾਖਾ ਵਿਖੇ ਆਯੋਜਿਤ ਕੀਤੀ ਗਈ ਸਾਡੀ ਪਰਿਵਰਤਨ ਯਾਤਰਾ ਵਿੱਚ ਟੀਐਮਸੀ ਨੇ ਬੰਬਾਂ ਨਾਲ ਹਮਲਾ ਕੀਤਾ ਅਤੇ ਸਾਨੂੰ ਨੁਕਸਾਨ ਪਹੁੰਚਾਇਆ। ਇਹ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਸਾਜਿਸ਼ ਹੈ। ਬੰਗਾਲ ਦੇ ਲੋਕ ਸਹੀ ਸਮੇਂ ‘ਤੇ ਜਵਾਬ ਦੇਣਗੇ।” ਪੁਲਿਸ ਨੇ ਦੱਸਿਆ ਕਿ ਮਿਨਾਖਾ ਥਾਨਾ ਅਧੀਨ, ਮਾਲਾਂਚਾ ਵਿੱਚ ਭਾਜਪਾ ਦੀ ‘ਪਰਿਵਰਤਨ ਰੈਲੀ’ ਵਿੱਚ ਆਉਣ ਵਾਲੀਆਂ ਦੋ ਗੱਡੀਆਂ ਪੱਥਰਬਾਜ਼ੀ ਕਾਰਨ ਨੁਕਸਾਨੀਆਂ ਗਈਆਂ। ਭਾਜਪਾ ਨੇ ਦਾਅਵਾ ਕੀਤਾ ਕਿ ਬੰਬ ਧਮਾਕੇ ਵਿੱਚ ਪਾਰਟੀ ਦੇ ਚਾਰ ਵਰਕਰ ਵੀ ਜ਼ਖ਼ਮੀ ਹੋਏ ਹਨ। ਪੁਲਿਸ ਨੇ ਕਿਹਾ ਕਿ ਹਮਲੇ ਵਿੱਚ ਕੋਈ ਬੰਬ ਨਹੀਂ ਸੁੱਟਿਆ ਗਿਆ ਅਤੇ ਨਾ ਹੀ ਕਿਸੇ ਜਾਨੀ ਨੁਕਸਾਨ ਦੀ ਖਬਰ ਮਿਲੀ ਹੈ।