Excise department exposes : ਚੰਡੀਗੜ੍ਹ : ਆਬਕਾਰੀ ਵਿਭਾਗ ਨੇ ਸ਼ਰਾਬ ਤਸਕਰੀ ਦੇ ਇੱਕ ਸੰਗਠਿਤ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3,720 ਬੋਤਲਾਂ ਸ਼ਰਾਬ ਬਰਾਮਦ ਕੀਤੀ। ਵਿਭਾਗ ਨੂੰ ਇੱਕ ਸੂਚਨਾ ਮਿਲੀ ਸੀ ਕਿ ਸ਼ਰਾਬ ਦੇ ਠੇਕੇਦਾਰ ਧੀਰਜ ਕੁਮਾਰ, ਰਵੀ, ਰਾਮਪਾਲ ਅਤੇ ਪੱਪੂ ਉਰਫ਼ ਪੱਪਾ, ਨਰਿੰਦਰ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਹਰਿਆਣਾ ਤੋਂ ਆਪਣੀਆਂ ਗੱਡੀਆਂ ਵਿਚ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਦੀ ਤਸਕਰੀ ਕਰਦੇ ਸਨ ਤੇ ਇਸ ਨੂੰ ਲੁਧਿਆਣਾ ਅਤੇ ਫਤਿਹਗੜ ਸਾਹਿਬ ਜ਼ਿਲ੍ਹਿਆਂ ਦੇ ਆਸ ਪਾਸ ਦੇ ਖੇਤਰ ‘ਚ ਇਸ ਨੂੰ ਵੇਚ ਦਿੰਦੇ ਸਨ। ਇਸ ਗੱਲ ‘ਤੇ ਕਾਰਵਾਈ ਕਰਦਿਆਂ ਸ਼ੰਭੂ ਵਿਖੇ ਮਹਿਮੂਦਪੁਰ ਜੱਟਾਂ ਪਿੰਡ ਨੇੜੇ ਇਕ ਨਾਕਾ ਲਾਇਆ ਗਿਆ। ਟੀਮ ਨੇ ਤਸਕਰੀ ਵਿੱਚ ਸ਼ਾਮਲ ਵਾਹਨ ਅਤੇ ਇੱਕ ਪਾਇਲਟ ਵਾਹਨ ਬਰਾਮਦ ਕੀਤਾ।
ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਸ਼ਰਾਬ ਨੂੰ ਲੁਕਾਉਣ ਲਈ ਗੱਡੀ ਵਿੱਚ ਇੱਕ ਵਿਸ਼ੇਸ਼ ਕੈਬਿਨ ਬਣਾਇਆ ਹੋਇਆ ਸੀ। ਕੈਬਿਨ ਦੀ ਚੈਕਿੰਗ ਕਰਨ ‘ਤੇ ਪੁਲਿਸ ਨੂੰ 310 ਕੇਸ ਬਰਾਮਦ ਹੋਏ, ਜਿਨ੍ਹਾਂ ਵਿਚੋਂ 3,720 ਬੋਤਲਾਂ ਸ਼ਰਾਬ ਦੀਆਂ ਫਸਟ ਚੁਆਇਸ ਬ੍ਰਾਂਡ ਸਨ, ਜੋ ਸਿਰਫ ਹਰਿਆਣਾ ਵਿਚ ਵੇਚੀਆਂ ਜਾਣੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤਸਕਰੀ ਕੀਤੀ ਗਈ ਸ਼ਰਾਬ ਲੁਧਿਆਣਾ ਦੇ ਮੋਹੀ ਪਿੰਡ ਦੇ ਪੱਪੂ ਉਰਫ ਪੱਪਾ ਨੂੰ ਸਪਲਾਈ ਕੀਤੀ ਜਾਣੀ ਸੀ। ਇਹ ਸ਼ਰਾਬ ਧੀਰਜ ਕੁਮਾਰ ਦੀ ਤਸਕਰੀ ਕੀਤੀ ਜਾ ਰਹੀ ਸੀ ਜੋ ਕਿ ਬਦਨਾਮ ਤਸਕਰਾਂ ਲਈ ਜਾਣਿਆ ਜਾਂਦਾ ਹੈ ਅਤੇ ਕੁਰਾਲੀ ਵਿੱਚ ਦਰਜ ਇੱਕ ਕੇਸ ਵਿੱਚ ਪਹਿਲਾਂ ਹੀ ਮੁਲਜ਼ਮ ਸੀ।