PM Modi to hold rally: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BJP ਅਤੇ TMC ਵਿੱਚ ਵਧਦੇ ਟਕਰਾਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਸ਼ਾਹਗੰਜ ਇਲਾਕੇ ਦੇ ਡਨਲਪ ਗਰਾਊਂਡ ਵਿੱਚ ਇੱਕ ਵੱਡੀ ਰੈਲੀ ਕਰਨਗੇ । ਪੀਐਮ ਮੋਦੀ ਦਾ ਇਹ ਇੱਕ ਮਹੀਨੇ ਵਿੱਚ ਤੀਜੀ ਵਾਰ ਬੰਗਾਲ ਦੌਰਾ ਹੈ। ਉਹ ਲਗਭਗ ਦੋ ਹਫ਼ਤਿਆਂ ਵਿੱਚ ਇੱਕ ਵਾਰ ਬੰਗਾਲ ਦਾ ਦੌਰਾ ਕਰ ਰਹੇ ਹਨ। ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤ੍ਰਿਣਮੂਲ ਕਾਂਗਰਸ ਦੇ ਸਥਾਨਿਕ ਬਨਾਮ ਬਾਹਰੀ ਮੁੱਦੇ ‘ਤੇ ਪਲਟਵਾਰ ਕਰ ਸਕਦੇ ਹਨ। ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਅਪ੍ਰੈਲ-ਮਈ ਵਿੱਚ ਹੋਣੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਠੀਕ 2 ਦਿਨ ਬਾਅਦ ਬੰਗਾਲ ਦੇ ਮੁੱਖ ਮੰਤਰੀ ਅਤੇ ਟੀਐਮਸੀ ਦਾ ਚਿਹਰਾ ਮਮਤਾ ਬੈਨਰਜੀ ਵੀ ਇਸ ਮੈਦਾਨ ਵਿੱਚ ਇੱਕ ਚੋਣ ਰੈਲੀ ਕਰਨਗੇ। ਪਿਛਲੇ ਡੇਢ ਮਹੀਨੇ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਬੰਗਾਲ ਦੇ ਕਈ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ । ਪਿਛਲੇ ਹਫ਼ਤੇ ਮਮਤਾ ਬੈਨਰਜੀ ਅਤੇ ਅਮਿਤ ਸ਼ਾਹ ਨੇ ਦੱਖਣ 24 ਪਰਗਨਾ ਜ਼ਿਲ੍ਹੇ ਵਿੱਚ ਕੁਝ ਕਿਲੋਮੀਟਰ ਦੀ ਦੂਰੀ ‘ਤੇ ਇੱਕ ਹੀ ਦਿਨ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ । ਸ਼ਾਹ ਨੇ 18 ਫਰਵਰੀ ਨੂੰ ਭਾਜਪਾ ਦੀ 5ਵੀਂ ਪਰਿਵਰਤਨ ਰੈਲੀ ਨੂੰ ਸੰਬੋਧਿਤ ਕੀਤਾ। ਭਾਜਪਾ ਨੇ ਬੰਗਾਲ ਦੇ ਪੰਜ ਵੱਖ-ਵੱਖ ਇਲਾਕਿਆਂ ਤੋਂ ਪਰਿਵਰਤਨ ਰੈਲੀ ਦੀ ਸ਼ੁਰੂਆਤ ਕੀਤੀ ਸੀ, ਜੋ 6 ਫਰਵਰੀ ਨੂੰ ਸ਼ੁਰੂ ਹੋਈ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ 7 ਫਰਵਰੀ ਨੂੰ ਬੰਗਾਲ ਦੇ ਉਦਯੋਗਿਕ ਖੇਤਰ ਹਲਦੀਆ ਵਿੱਚ ਚੋਣ ਰੈਲੀ ਕੀਤੀ ਸੀ । ਨਾਲ ਹੀ 4,700 ਕਰੋੜ ਰੁਪਏ ਦੇ ਚਾਰ ਬੁਨਿਆਦੀ ਢਾਂਚਿਆਂ ਦੇ ਪ੍ਰਾਜੈਕਟਾਂ ਦੀ ਨੀਂਹ ਰੱਖੀ ਸੀ। ਇਸ ਤੋਂ ਪਹਿਲਾਂ 23 ਜਨਵਰੀ ਨੂੰ ਪ੍ਰਧਾਨ ਮੰਤਰੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਦਿਵਸ ਮੌਕੇ ਕੋਲਕਾਤਾ ਗਏ ਸਨ। ਜਿੱਥੇ ਪੀਐਮ ਮੋਦੀ ਅਤੇ ਮਮਤਾ ਬੈਨਰਜੀ ਦੋਵੇਂ ਵਿਕਟੋਰੀਆ ਮੈਮੋਰੀਅਲ ‘ਤੇ ਪ੍ਰੋਗਰਾਮ ਵਿੱਚ ਮੌਜੂਦ ਸਨ। ਹਾਲਾਂਕਿ, ਸੰਬੋਧਨ ਤੋਂ ਪਹਿਲਾਂ ਜੈ ਸ਼੍ਰੀ ਰਾਮ ਦੇ ਨਾਅਰੇ ਲੱਗਣ ਕਾਰਨ ਮਮਤਾ ਨੇ ਪ੍ਰੋਗਰਾਮ ਨੂੰ ਅੱਧ ਵਿਚਕਾਰ ਛੱਡ ਦਿੱਤਾ ਸੀ।
ਦੱਸ ਦੇਈਏ ਕਿ ਹੁਗਲੀ ਦੇ ਇਸ ਖੇਤਰ ਵਿੱਚ ਕਦੇ ਡਨਲਪ ਦਾ ਏਸ਼ੀਆ ਦਾ ਸਭ ਤੋਂ ਵੱਡਾ ਕਾਰਖਾਨਾ ਸੀ, ਪਰ ਹੁਣ ਇਹ ਬੰਦ ਹੋ ਚੁੱਕਿਆ ਹੈ। ਪੀਐਮ ਮੋਦੀ ਇਸ ਰੈਲੀ ਵਿੱਚ ਬੰਗਾਲ ਦੇ ਵਿਕਾਸ ਨਾ ਹੋਣ ਦਾ ਮੁੱਦਾ ਚੁੱਕ ਸਕਦੇ ਹਨ । ਪ੍ਰਧਾਨ ਮੰਤਰੀ ਮੋਦੀ ਇੱਥੇ ਕਈ ਰੇਲ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇ ਸਕਦੇ ਹਨ । ਨਾਲ ਹੀ ਮੈਟਰੋ ਪ੍ਰਾਜੈਕਟ ਦੀ ਸ਼ੁਰੂਆਤ ਦੇ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ 7 ਮਾਰਚ ਨੂੰ ਦੋ ਹਫਤਿਆਂ ਬਾਅਦ ਪਰਿਵਰਤਨ ਯਾਤਰਾ ਦੇ ਸਮਾਪਤੀ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ।