Delhi coronavirus new wave: ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਅਲਰਟ ‘ਤੇ ਹੋ ਗਈ ਹੈ। ਜਿਸ ਕਾਰਨ ਦਿੱਲੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਪੰਜ ਰਾਜਾਂ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਲਾਜ਼ਮੀ ਹੋਵੇਗੀ। ਇਨ੍ਹਾਂ ਪੰਜ ਰਾਜਾਂ ਵਿੱਚ ਮਹਾਰਾਸ਼ਟਰ, ਕੇਰਲ, ਛੱਤੀਸਗੜ, ਮੱਧ ਪ੍ਰਦੇਸ਼ ਅਤੇ ਪੰਜਾਬ ਸ਼ਾਮਿਲ ਹਨ। ਇਨ੍ਹਾਂ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ RT-PCR ਦਿਖਾਉਣ ਤੋਂ ਬਾਅਦ ਹੀ ਦਿੱਲੀ ਵਿੱਚ ਦਾਖਲਾ ਮਿਲੇਗਾ । ਪਿਛਲੇ ਵਿੱਚ ਹਫਤੇ ਵਿੱਚ ਜੋ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ 86 ਪ੍ਰਤੀਸ਼ਤ ਕੇਸ ਇਨ੍ਹਾਂ ਪੰਜਾਂ ਰਾਜਾਂ ਤੋਂ ਹੀ ਹਨ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ। ਇਸ ਫੈਸਲੇ ਸੰਬੰਧੀ ਰਸਮੀ ਆਦੇਸ਼ ਅੱਜ ਜਾਰੀ ਕੀਤਾ ਜਾਵੇਗਾ। ਇਨ੍ਹਾਂ ਪੰਜਾਂ ਰਾਜਾਂ ਦੇ ਨੋਡਲ ਅਧਿਕਾਰੀ ਨੂੰ ਕਿਹਾ ਜਾਵੇਗਾ ਕਿ ਉਹ ਆਪਣੇ ਇੱਥੋਂ ਦਿੱਲੀ ਜਾਣ ਵਾਲੇ ਲੋਕਾਂ ਦੀ 72 ਘੰਟੇ ਪੁਰਾਣੀ ਨੈਗੇਟਿਵ RT-PCR ਟੈਸਟ ਰਿਪੋਰਟ ਨੂੰ ਯਕੀਨੀ ਬਣਾਉਣ ।
ਦਿੱਲੀ ਸਰਕਾਰ ਦਾ ਇਹ ਹੁਕਮ 26 ਫਰਵਰੀ ਯਾਨੀ ਕਿ ਸ਼ੁੱਕਰਵਾਰ ਦੀ ਅੱਧੀ ਰਾਤ ਤੋਂ ਲੈ ਕੇ 15 ਮਾਰਚ ਨੂੰ ਦੁਪਹਿਰ 12 ਵਜੇ ਤੱਕ ਲਾਗੂ ਰਹੇਗਾ । ਇਹ ਹੁਕਮ ਉਡਾਣ, ਰੇਲ ਅਤੇ ਬੱਸ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ‘ਤੇ ਲਾਗੂ ਹੋਵੇਗਾ, ਜਦੋਂਕਿ ਕਾਰ ਰਾਹੀਂ ਦਿੱਲੀ ਆਉਣ ਵਾਲੇ ਯਾਤਰੀ ਇਸ ਤੋਂ ਬਾਹਰ ਰਹਿਣਗੇ। ਭਾਵ, ਜੇ ਤੁਸੀਂ ਇਨ੍ਹਾਂ ਪੰਜਾਂ ਰਾਜਾਂ ਤੋਂ ਆਉਂਦੇ ਹੋ ਤਾਂ ਤੁਹਾਡੇ ਕੋਲ ਇੱਕ ਨੈਗੇਟਿਵ RT-PCR ਰਿਪੋਰਟ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਇਨ੍ਹਾਂ ਪੰਜਾਂ ਰਾਜਾਂ ਤੋਂ ਆਉਣ ਵਾਲੇ ਲੋਕਾਂ ਲਈ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਸੀ। ਸਰਕਾਰ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਮਹਾਰਾਸ਼ਟਰ, ਗੁਜਰਾਤ, ਕੇਰਲ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਤੋਂ ਆਉਣ ਵਾਲੇ ਲੋਕਾਂ ਦੀ ਜ਼ਿਲ੍ਹੇ ਦੇ ਬਾਰਡਰ ‘ਤੇ ਜਾਂਚ ਕੀਤੀ ਜਾਵੇਗੀ। ਇਸ ਦੇ ਲਈ ਅਸ਼ਰੋਦੀ ਚੈਕਪੋਸਟ, ਰੇਲਵੇ ਸਟੇਸ਼ਨ ਅਤੇ ਏਅਰਪੋਰਟ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ ।
ਦੱਸ ਦੇਈਏ ਕਿ ਪਿਛਲੇ ਹਫਤੇ ਦੇ ਨਵੇਂ ਮਾਮਲਿਆਂ ਨੂੰ ਵੇਖਦਿਆਂ ਲਗਭਗ 7 ਤੋਂ 8 ਰਾਜਾਂ ਵਿੱਚ ਸਥਿਤੀ ਗੰਭੀਰ ਪ੍ਰਤੀਤ ਹੁੰਦੀ ਹੈ। ਮਹਾਰਾਸ਼ਟਰ ਵਿੱਚ ਪਿਛਲੇ ਹਫ਼ਤੇ ਕੋਰੋਨਾ ਦੇ ਨਵੇਂ ਕੇਸਾਂ ਵਿੱਚ 81% ਵਾਧਾ ਦਰਜ ਕੀਤਾ ਗਿਆ, ਮੱਧ ਪ੍ਰਦੇਸ਼ ਵਿੱਚ 43%, ਪੰਜਾਬ ਵਿੱਚ 31%, ਜੰਮੂ-ਕਸ਼ਮੀਰ ਵਿੱਚ 22%, ਛੱਤੀਸਗੜ੍ਹ ਵਿੱਚ 13% ਅਤੇ ਹਰਿਆਣਾ ਵਿੱਚ 11% ਕੇਸ ਦਰਜ ਹੋਏ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਕੋਰੋਨਾ ਮਾਮਲਿਆਂ ਵਿੱਚ 43% ਵਾਧਾ ਹੋਇਆ ਹੈ।