A fire broke : ਬਰਨਾਲਾ ਵਿਖੇ ਬਾਜਵਾ ਪੱਤੀ ਦੇ ਇੱਕ ਗੁਰਦੁਆਰੇ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਨੁਕਸਾਨ ਪੁੱਜਾ। ਇਸ ਘਟਨਾ ਨੂੰ ਲੈ ਕੇ ਮੁਹੱਲਾ ਵਾਸੀਆਂ ‘ਚ ਕਾਫੀ ਰੋਸ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਸਰੂਪ ਸਨ ਜਿਨ੍ਹਾਂ ‘ਚੋਂ 8 ਨੂੰ ਤਾਂ ਸੁਰੱਖਿਅਤ ਬਚਾ ਲਿਆ ਗਿਆ ਜਦੋਂ ਕਿ 1 ਸਰੂਪ ਕਾਫੀ ਨੁਕਸਾਨਿਆ ਗਿਆ ਤੇ ਪਾਲਕੀ ਵੀ ਸੜ ਗਈ। ਇਸ ਤੋਂ ਇਲਾਵਾ ਪੱਖੇ, ਬਿਸਤਰੇ, ਪਲੰਘ ਆਦਿ ਵੀ ਅੱਗ ਦੀ ਭੇਟ ਚੜ੍ਹ ਗਏ।
ਗੁਰਦੁਆਰੇ ਤੋਂ ਅੱਗ ਦੀਆਂ ਲਪਟਾਂ ਉਠਦੀਆਂ ਦੇਖ ਕੇ ਉਥੇ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਤੇ ਉਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਇਸ ਦੀ ਸੂਚਨਾ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ। ਬਰਨਾਲਾ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਬਿਜਲੀ ਮੁਲਾਜ਼ਮਾਂ ਵੱਲੋਂ ਮੁਹੱਲੇ ‘ਚ ਲਾਈਟ ਠੀਕ ਕੀਤੀ ਜਾ ਰਹੀ ਸੀ ਤੇ ਜਦੋਂ ਲਾਈਟ ਠੀਕ ਹੋਣ ਤੋਂ ਬਾਅਦ ਸਵਿੱਚ ਆਨ ਕੀਤਾ ਗਿਆ ਤਾਂ ਟਰਾਂਸਫਾਰਮਰ ‘ਚ ਧਮਾਕਾ ਹੋਇਆ ਤੇ ਗੁਰਦੁਆਰੇ ‘ਚ ਬਿਜਲੀ ਦੀਆਂ ਤਾਰਾਂ ਸ਼ਾਰਟ ਸਰਕਟ ਹੋ ਗਈਆਂ ਤੇ ਇਹ ਘਟਨਾ ਵਾਪਰ ਗਈ। ਮੌਕੇ ‘ਤੇ ਪੁੱਜੇ DSP ਲਖਬੀਰ ਸਿੰਘ ਨੇ ਦੱਸਿਆ ਕਿ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਪੁਲਿਸ ਵੱਲੋਂ ਡੂੰਘਾਈ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।