Baba Nanak’s teaching : ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਨਮ ਸਾਖੀਆਂ ਮੁਤਾਬਕ ਸੱਜਣ ਤੁਲੰਬੇ ਨਗਰ ਦਾ ਨਿਵਾਸੀ ਸੀ, ਜੋ ਕਿ ਹੁਣ ਪਾਕਿਸਤਾਨ ‘ਚ ਹੈ। ਉਸ ਨੂੰ ਇਲਾਕੇ ਦੇ ਲੋਕ ਇਕ ਚੰਗੇ ਇਨਸਾਨ ਵਜੋਂ ਜਾਣਦੇ ਸਨ। ਉਸਨੇ ਆਉਣ-ਜਾਣ ਵਾਲੇ ਰਾਹਗੀਰਾਂ ਦੇ ਰਾਤ ਦੇ ਵਿਸ਼ਰਾਮ ਲਈ ਇੱਕ ਸਰ੍ਹਾਂ ਵੀ ਬਣਵਾ ਰਖੀ ਸੀ। ਜਦੋਂ ਕੋਈ ਰਾਹਗੀਰ ਅਪਣੀ ਕੋਈ ਵਸਤੁ ਇੱਥੇ ਭੁੱਲ ਜਾਂਦਾ ਤਾਂ ਉਸਨੂੰ ਇਹ ਆਪਣੀ ਜਾਣ ਕੇ ਰੱਖ ਲੈਂਦਾ ਸੀ। ਹੌਲੀ-ਹੌਲੀ ਉਸ ਅੰਦਰ ਧਰਮਸ਼ਾਲਾ ਵਿੱਚ ਆਏ ਰਾਰਗੀਰਾਂ ਦੀਆਂ ਕੀਮਤੀ ਵਸਤਾਂ ਚੋਰੀ ਕਰਨ ਦੀ ਬੁਰੀ ਆਦਤ ਪੈ ਗਈ। ਥੋੜ੍ਹੇ ਸਮੇਂ ਬਾਅਦ ਉਸਦੀ ਇਸ ਆਦਤ ਨੇ ਉਸ ਨੂੰ ਇੱਕ ਬੁਰੇ ਇਨਸਾਨ ਵਿੱਚ ਬਦਲ ਦਿੱਤਾ। ਸੱਜਣ ਧਰਮਸ਼ਾਲਾ ਵਿੱਚ ਆਏ ਰਾਹਗੀਰ ਦੀ ਕੀਮਤੀ ਵਸਤੁ ਖੋਹਣ ਲਈ ਉਨ੍ਹਾਂ ਦਾ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਸੀ। ‘ਸੱਜਣ’ ਹੁਣ ਅਪਣੀ ਬੁਰੀ ਆਦਤ ਕਰਕੇ ਇੱਕ ‘ਠੱਗ’ ਵਿੱਚ ਬਦਲ ਗਿਆ ਸੀ ਅਤੇ ਲੋਕ ਉਸਨੂੰ ਹੁਣ ‘ਸੱਜਣ ਠੱਗ’ ਕਹਿਣ ਲੱਗ ਪਏ। ਆਪਣੀ ਉਦਾਸੀ ਦੀ ਯਾਤਰਾ ਸਮੇਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੇ ਵੀ ਸੱਜਣ ਠੱਗ ਦੀ ਇਸ ਸਰ੍ਹਾਂ ਵਿੱਚ ਰਾਤ ਰੁਕਣਾ ਕੀਤਾ। ਸ਼ਾਮ ਨੂੰ ਜਦ ਸਜਣ ਠੱਗ ਨੇ ਬਾਬਾ ਨਾਨਕ ਜੀ ਅਤੇ ਭਾਈ ਮਰਦਾਨਾ ਜੀ ਨੂੰ ਲੁੱਟਣ ਬਾਰੇ ਮਤਾ ਪਕਾਇਆ ਉਸੇ ਵੇਲੇ ਗੁਰੂ ਨਾਨਕ ਜੀ ਨੇ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਭਾਈ ਮਰਦਾਨਾ ਜੀ ਨੇ ਰਬਾਬ ਬਜਾਉਣੀ ਸ਼ੁਰੂ ਕਰ ਦਿੱਤੀ।
ਸ਼ਬਦ ਇਹ ਸਮਝਾਉਦਾ ਸੀ ਕਿ ਜੇਕਰ ਕਿਸੇ ਦਾ ਦਿਲ ਸਾਫ ਨਾ ਹੋਵੇ ਤਾਂ ਬਾਹਰੋਂ ਕੀਤੇ ਚੰਗੇ ਕਰਮ ਵਿਅਰਥ ਹਨ। ਵਾਹਿਗੁਰੂ ਸਭ ਦੇ ਦਿਲਾਂ ਦਿਆਂ ਜਾਣਦਾ ਹੈ ਉਸਨੂੰ ਕੋਈ ਭਰਮਾਂ ਨਹੀਂ ਸਕਦਾ। ਚੰਗੇ ਕਰਮ ਹੀ ਇਨਸਾਨ ਦੇ ਸੱਚੇ ਮਿੱਤਰ (ਸਜਣ) ਹੂੰਦੇ ਹਨ। ਇਨਸਾਨ ਦੇ ਚੰਗੇ ਕਰਮ ਨਾਂ ਸਿਰਫ ਇਸ ਸੰਸਾਰ ਵਿੱਚ ਸਗੋਂ ਪਰਲੋਕ ਵਿੱਚ ਵੀ ਸਹਾਈ ਹੂੰਦੇ ਹਨ। ਬੁਰੇ ਕਰਮਾਂ ਨਾਲ ਮਨੁੱਖ ਆਪਣੀ ਮੱਤ ਨੂੰ ਗੰਦਾ ਕਰ ਲੈਦਾ ਹੈ ਅਤੇ ਇਸ ਨਾਲ ਨਾਂ ਸਿਰਫ ਉਹ ਇਸ ਸੰਸਾਰ ਵਿੱਚ ਹੀ ਦੁੱਖ ਸਹਿਣ ਕਰਦਾ ਹੈ ਸਗੋਂ ਉਸਦੀ ਆਤਮਾ ਮਰਨ ਮਗਰੋਂ ਵੀ ਮੈਲੀ ਹੀ ਰਹਿੰਦੀ ਹੈ। ਸਜਣ ਠੱਗ ਲੁੱਕ ਕੇ ਇਹ ਸ਼ਬਦ ਬੜੇ ਧਿਆਨ ਨਾਲ ਸੁਣ ਰਿਹਾ ਸੀ। ਜਿਵੇਂ-ਜਿਵੇਂ ਇਹ ਸ਼ਬਦ ਉਸਦੇ ਕੰਨਾਂ ਵਿੱਚ ਪੈ ਰਹੇ ਸਨ ਉਸਦੇ ਦਿਮਾਗ ‘ਤੇ ਪਿਆ ਪੜਦਾ ਹਟਦਾ ਗਿਆ ਅਤੇ ਉਸਨੂੰ ਸੱਚ ਦਿਖਣਾ ਸ਼ੁਰੂ ਹੋ ਗਿਆ ਭਾਵ ਉਸਨੂੰ ਅਪਣੇਂ ਮਾੜੇ ਕਰਮ ਯਾਦ ਆਉਣ ਲੱਗੇ। ਉਸਨੂੰ ਇਹ ਨਿਸ਼ਚਾ ਹੋ ਗਿਆ ਕਿ ਉਹ ਲਾਲਚ ਵੱਸ ਪੈ ਇਕ ਬਹੁਤ ਬੁਰਾ ਇਨਸਾਨ ਬਣ ਚੁੱਕਾ ਹੈ। ਉਸਨੇ ਉਹਨਾਂ ਨਿਰਦੋਸ਼ ਜਾਤਰੂਆ ਦਿਆਂ ਵਸਤਾਂ ਚੋਰੀ ਕੀਤਿਆਂ ਤੇ ਨੁਕਸ਼ਾਨ ਪਹੁੰਚਾਇਆ ਜਿਨ੍ਹਾਂ ਦੀ ਉਸਨੂੰ ਸੇਵਾਂ ਅਤੇ ਮਦਦ ਕਰਨੀ ਚਾਹਿਦੀ ਸੀ।
ਸਜਣ ਠੱਗ ਗੁਰੂ ਜੀ ਕੋਲ ਜਾ ਕੇ ਉਨ੍ਹਾਂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਦੋਵੇਂ ਹੱਥ ਜੋੜ ਮੁਆਫੀ ਮੰਗੀ ਤੇ ਕਹਿਣ ਲੱਗਾ ਮੈਂ ਸਿਰਫ ਨਾਂ ਦਾ ਹੀ ਸੱਜਣ ਹਾਂ। ਅਸਲ ਵਿੱਚ ਮੇਰੇ ਕੱਮ ਠੱਗਾਂ ਵਾਲੇ ਹਨ। ਸੱਜਣ ਨੇ ਗੁਰੂ ਜੀ ਅਗੇ ਪ੍ਰਣ ਲਿਆ ਕਿ ਉਹ ਅੱਗੇ ਤੋਂ ਜੀਵਨ ਵਿੱਚ ਚੰਗੇ ਕਰਮ ਕਰੇਗਾ। ਗੁਰੂ ਜੀ ਸੱਜਣ ਦੇ ਇਸ ਮਾਫੀਨਾਮੇ ਅਤੇ ਕਬੂਲਨਾਮੇ ‘ਤੇ ਬਹੁਤ ਖੁਸ਼ ਹੋਏ। ਗੁਰੂ ਸਾਹਿਬ ਨੇ ਸਜਣ ਨੂੰ ਬੁਰੇ ਕੰਮਾਂ ਨਾਲ ਇੱਕਤਰ ਕੀਤੀ ਮਾਇਆ ਲੋੜਵੰਦਾਂ ਅਤੇ ਗਰੀਬਾਂ ਵਿੱਚ ਵੰਡਣ ਅਤੇ ਚੰਗੇ ਇਨਸਾਨ ਵੱਜੋਂ ਨਵਾਂ ਜੀਵਨ ਸ਼ੁਰੂ ਕਰਨ ਦਾ ਹੁਕਮ ਕੀਤਾ। ਸਜਣ ਨੇ ਵੀ ਗੁਰੂ ਜੀ ਦੇ ਕਹੇ ਅਨੁਸਾਨ ਜੀਵਨ ਸ਼ੁਰੂ ਕਰ ਦਿੱਤਾ। ਉਸਨੇ ਯਾਤਰੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਆਰਾਮ ਅਤੇ ਸੁਵਿਧਾ ਲਈ ਜੋ ਕੁਛ ਕਰ ਸਕਦਾ ਸੀ ਕਰਨਾ ਸ਼ੁਰੂ ਕਰ ਦਿੱਤਾ। ਸੱਜਣ ਠੱਗ ਗੁਰੂ ਜੀ ਦਾ ਸਿੱਖ ਬਣ ਗਿਆ ਤੇ ਗੁਰੂ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਵੀ ਕਰਨ ਲੱਗ ਗਿਆ।