Learn about some : ਖਡੂਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਅਸਥਾਨ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰਿਆਈ ਕਾਲ ਦੇ ਲਗਪਗ 13 ਸਾਲ ਸਤੰਬਰ 1539 ਤੋਂ 1552 ਤਕ ਸਿੱਖੀ ਲਹਿਰ ਨੂੰ ਮਜ਼ਬੂਤੀ ਨਾਲ ਚਲਾਇਆ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਪਣੀ ਬਿਰਧ ਅਵਸਥਾ ਦੇ ਬਾਵਜੂਦ ਗੋਇੰਦਵਾਲ ਬਿਆਸ ਤੋਂ ਪਾਣੀ ਦੀ ਗਾਗਰ ਭਰ ਕੇ ਗੁਰੂ ਜੀ ਦੇ ਇਸ਼ਨਾਨ ਲਈ ਲਗਪਗ 12 ਸਾਲ ਸੇਵਾ ਕਰਦੇ ਰਹੇ। ਗੁਰਦੁਆਰਾ ਥੜ੍ਹਾ ਸਾਹਿਬ: ਗੁਰਦੁਆਰਾ ਅੰਗੀਠਾ ਸਾਹਿਬ ਦੇ ਸੱਜੇ ਹੱਥ ਗੁਰਦੁਆਰਾ ਥੜ੍ਹਾ ਸਾਹਿਬ ਦੀ ਸ਼ਾਨਦਾਰ ਇਮਾਰਤ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਗੁਰੂ ਅਮਰਦਾਸ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਨਾਮ ਜਪਦੇ ਸਨ।
ਖੂਹ ਬੀਬੀ ਅਮਰੋ ਜੀ: ਗੁਰਦੁਆਰਾ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਮੁੱਖ ਇਮਾਰਤ ਦੇ ਸਾਹਮਣੇ ਬੀਬੀ ਅਮਰੋ ਦਾ ਪੁਰਾਤਨ ਖੂਹ ਮੌਜੂਦ ਹੈ। ਸੰਗਤਾਂ ਵਾਸਤੇ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਬੀਬੀ ਜੀ ਨੇ ਗੁਰੂ ਪਿਤਾ ਨੂੰ ਖੂਹ ਲਈ ਬੇਨਤੀ ਕੀਤੀ ਸੀ ਅਤੇ ਗੁਰੂ ਸਾਹਿਬ ਨੇ ਉਨ੍ਹਾਂ ਦੀ ਬੇਨਤੀ ਕਬੂਲ ਕਰਦਿਆਂ ਆਪ ਇਹ ਖੂਹ ਲਗਵਾਇਆ ਸੀ। ਅੱਜ ਵੀ ਇਸ ਖੂਹ ਦੀ ਚੰਗੀ ਸੰਭਾਲ ਸਦਕਾ ਇਹ ਦੇਖਣਯੋਗ ਯਾਦਗਾਰ ਹੈ।
ਗੁਰਦੁਆਰਾ ਅੰਗੀਠਾ ਸਾਹਿਬ : ਖਡੂਰ ਸਾਹਿਬ ਵਿੱਚ ਇਹ ਪ੍ਰਮੁੱਖ ਗੁਰਦੁਆਰਾ ਹੈ। ਇੱਥੇ ਗੁਰੂ ਅੰਗਦ ਦੇਵ ਜੀ 29 ਮਾਰਚ, 1552 ਨੂੰ ਜੋਤੀ ਜੋਤ ਸਮਾਏ ਸਨ। ਗੁਰੂ ਸਾਹਿਬ ਦਾ ਅੰਗੀਠਾ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਤਿਆਰ ਕਰਵਾਇਆ। ਇਸੇ ਸਥਾਨ ਉੱਤੇ ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਲਿਆਉਂਦੇ ਸਮੇਂ ਗੁਰੂ ਅਮਰਦਾਸ ਜੀ ਜੁਲਾਹੇ ਦੀ ਖੱਡੀ ਨਾਲ ਠੇਢਾ ਖਾ ਕੇ ਡਿੱਗ ਪਏ ਸਨ, ਜਿਸ ਦੀ ਯਾਦਗਾਰ ਅੱਜ ਵੀ ਮੌਜੂਦ ਹੈ। ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਇੱਥੇ ਵਿਸ਼ਰਾਮ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਆਪਣੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਕਰਨ ਪਿੱਛੋਂ ਪਰਿਵਾਰ ਸਮੇਤ ਇੱਥੇ ਆਏ ਸਨ। ਇਸ ਸਥਾਨ ’ਤੇ ਗੁਰੂ ਹਰਿਰਾਇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਚਰਨ ਪਾਏ।