West Bengal Polls: ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। “ਨੀਲ ਬਾੜੀ” ਜਾਂ ਨਬਾਨਾ ਦਖਲ ਦਾ ਟੀਚਾ ਲੈ ਕੇ ਭਾਜਪਾ ਅਗਲੇ ਐਤਵਾਰ ਤੋਂ ਲੜਾਈ ਦਾ ਆਖ਼ਰੀ ਦੌਰ ਸ਼ੁਰੂ ਕਰਨ ਜਾ ਰਹੀ ਹੈ। 7 ਮਾਰਚ ਯਾਨੀ ਕਿ ਐਤਵਾਰ ਨੂੰ ਇਤਿਹਾਸਕ ਬ੍ਰਿਗੇਡ ਮੈਦਾਨ ‘ਤੇ ਨਰਿੰਦਰ ਮੋਦੀ ਦੀ ਰੈਲੀ ਲਈ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ।
ਇਸ ਤੋਂ ਪਹਿਲਾਂ ਬੰਗਾਲ ਭਾਜਪਾ ਵੱਲੋਂ ਦੱਸਿਆ ਗਿਆ ਸੀ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲਕਾਤਾ ਆ ਸਕਦੇ ਹਨ। ਪਰ ਗ੍ਰਹਿ ਮੰਤਰੀ ਇਸ ਦੌਰੇ ‘ਤੇ ਨਹੀਂ ਆ ਰਹੇ ਹਨ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬ੍ਰਿਗੇਡ ਗਰਾਉਂਡ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਨੂੰ 200 ਪ੍ਰਤੀਸ਼ਤ ਸਫਲਤਾ ਦੇਣ ਲਈ ਰਾਜ, ਕੇਂਦਰ ਤੇ ਜ਼ਿਲ੍ਹਾ ਪੱਧਰ ‘ਤੇ ਪਾਰਟੀ ਵਰਕਰ ਤੋਂ ਲੈ ਕੇ ਨੇਤਾ ਤੱਕ ਭਾਜਪਾ ਦੀ ਪੂਰੀ ਟੀਮ ਇਕੱਠੀ ਹੋ ਗਈ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਖੱਬੇਪੱਖੀ, ਕਾਂਗਰਸ ਅਤੇ ਆਈਐਸਐਫ ਨੇ ਇਕੱਠਿਆਂ ਜੋ ਰੈਲੀ ਕੀਤੀ ਸੀ ਉੱਥੇ ਲਗਭਗ 7 ਤੋਂ 8 ਲੱਖ ਲੋਕ ਰੈਲੀ ਵਿੱਚ ਇਕੱਠੇ ਹੋਏ ਹੋਣਗੇ ਅਤੇ ਭਾਜਪਾ 10 ਲੱਖ ਤੋਂ ਵੱਧ ਲੋਕਾਂ ਨੂੰ ਬ੍ਰਿਗੇਡ ਵਿੱਚ ਇਕੱਠਾ ਕਰਨਾ ਚਾਹੁੰਦੀ ਹੈ। ਇਸ ਅਧਾਰ ‘ਤੇ ਭਾਜਪਾ ਵੱਲੋਂ ਸਖ਼ਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਹੁਣ 7 ਮਾਰਚ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੌਰਾ ਹੋਵੇਗਾ ਅਤੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਦੌਰਾਨ ਇੱਕ ਵੱਡਾ ਰੋਡ ਸ਼ੋਅ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਅਮਿਤ ਸ਼ਾਹ ਜਦੋਂ ਸ਼ਾਂਤੀ ਨਿਕੇਤਨ, ਕਾਕਦੀਪ ਜਾਂ ਫਿਰ ਠਾਕੁਰ ਨਗਰ ਆਏ ਸਨ ਤਾਂ ਉਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੰਗਲਵਾਰ ਨੂੰ ਉੱਤਰ ਬੰਗਾਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।