Peer Budhu Shah’s : ਪੀਰ ਬੁੱਧੂ ਸ਼ਾਹ ਪਿੰਡ ਸਢੋਰਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਮੁਸਲਮਾਨ ਫ਼ਕੀਰ ਸਨ। ਗੁਰੂ ਗੋਬਿੰਦ ਰਾਏ ਜੀ ਪਾਉਂਟਾ ਸਾਹਿਬ ਗਏ ਹੋਏ ਸਨ। ਉਨ੍ਹਾਂ ਨੂੰ ਪਤਾ ਚਲਿਆ ਕਿ ਗੁਰੂ ਨਾਨਕ ਦੀ ਗੱਦੀ ਦਾ ਦਸਵਾਂ ਸਰੂਪ ਪਾਉਂਟੇ ਸਾਹਿਬ ਨਿਵਾਸ ਕਰ ਰਿਹਾ ਹੈ। ਉਨ੍ਹਾਂ ਦਿਨਾਂ ਵਿਚ ਪੀਰ ਜੀ ਵੀ ਪਹਾੜੀ ਇਲਾਕੇ ਦੀ ਸੈਰ ਕਰ ਰਹੇ ਸਨ।ਉਹ ਪਾਲਕੀ ਉੱਪਰ ਬੈਠ ਕੇ ਗੁਰੂ ਜੀ ਪਾਸ ਪਾਉਂਟੇ ਪੁੱਜੇ, ਜਿਵੇਂ ਉਸ ਸਮੇਂ ਦੇ ਰਾਜੇ ਮਹਾਰਾਜੇ ਆਪਣੀ ਸ਼ਾਹੀ ਠਾਠ ਨਾਲ ਪਾਲਕੀਆਂ ਤੇ ਨੌਕਰਾਂ ਚਾਕਰਾਂ ਨਾਲ ਨਿਕਲਿਆ ਕਰਦੇ ਸਨ। ਗੁਰੂ ਜੀ ਦੇ ਦਰਸ਼ਨ ਕਰਨ ਉੱਪਰ ਪੀਰ ਜੀ ਹੋਰਾਂ ਨੂੰ ਉਹ ਸ਼ਾਂਤੀ ਪ੍ਰਾਪਤ ਹੋਈ ਜਿਹੜੀ ਉਨ੍ਹਾਂ ਨੂੰ ਧਰਮੀ ਪੁਸਤਕਾਂ ਜਾਂ ਭਜਨ ਬੰਦਗੀ ਨਾ ਦੇ ਸਕੀ ਸੀ। ਗੁਰੂ ਜੀ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦੇ ਮਨ ਦੇ ਸਾਰੇ ਸ਼ੰਕੇ ਦੂਰ ਹੋ ਗਏ। ਵਾਪਸ ਸਢੋਰਾ ਜਾਣ ਸਮੇਂ ਉਨ੍ਹਾਂ ਦੇ ਮਨ ਵਿਚੋਂ ‘ਤੂੰ ਤੇ ਮੈਂ’ ਦਾ ਭੇਦ ਖ਼ਤਮ ਹੋ ਗਿਆ ਸੀ।
ਪਹਿਲੀ ਮਿਲਣੀ ਪਿਛੋਂ ਹੀ ਪੀਰ ਬੁੱਧੂ ਸ਼ਾਹ ਦਾ ਗੁਰੂ ਜੀ ਪਾਸ ਆਉਣਾ ਸਧਾਰਨ ਹੋ ਗਿਆ। ਉਨ੍ਹਾਂ ਨੂੰ ਆਉਣ ਲਈ ਪਾਲਕੀ ਦੀ ਲੋੜ ਨਾ ਰਹੀ। ਉਨ੍ਹਾਂ ਨੇ ਦੇਖ ਲਿਆ ਕਿ ਗੁਰੂ ਜੀ ਦੀ ਲੜਾਈ ਕਿਸੇ ਰਾਜ ਲਈ ਨਹੀਂ, ਸਿਰਫ ਜੁਲਮ ਦੇ ਖ਼ਿਲਾਫ਼ ਹੈ, ਜਿਹੜਾ ਗਰੀਬ ਜਨਤਾ ਉਪਰ ਹੋ ਰਿਹਾ ਸੀ। ਜ਼ੁਲਮ ਕਰਨ ਲਈ ਧਰਮ ਦੀ ਆੜ ਲਈ ਜਾ ਰਹੀ ਸੀ। ਪੀਰ ਹੋਰਾਂ ਪੰਜ ਸੌ ਪਠਾਣ ਗੁਰੂ ਜੀ ਪਾਸ ਭਰਤੀ ਕਰਵਾਏ ਜਿਨ੍ਹਾਂ ਨੂੰ ਔਰੰਗਜ਼ੇਬ ਦੀ ਫ਼ੌਜ ਵਿਚੋਂ ਸ਼ੀਆ ਹੋਣ ਦੇ ਨਾਤੇ ਕੱਢਿਆ ਗਿਆ ਸੀ। ਪਹਾੜੀ ਰਾਜਿਆਂ ਭੰਗਾਣੀ ਦਾ ਯੁੱਧ ਸ਼ੁਰੂ ਕਰਨ ਤੋਂ ਪਹਿਲਾਂ ਪੰਜ ਸੌ ਪਠਾਣਾਂ ਵਿਚੋਂ ਲਾਲਚ ਦੇ ਕੇ ਚਾਰ ਸੌ ਪਠਾਣ ਆਪਣੇ ਨਾਲ ਗੰਢ ਲਏ। ਪਠਾਣਾਂ ਦੀ ਇਸ ਕਰਤੂਤ ਦਾ ਪੀਰ ਬੁੱਧੂ ਸ਼ਾਹ ਨੂੰ ਪਤਾ ਚਲਿਆ ਤਾਂ ਉਹ ਆਪਣੇ ਸੱਤ ਸੋ ਮੁਰੀਦ, ਚਾਰ ਪੁੱਤਰ ਤੇ ਦੋ ਭਰਾਵਾਂ ਨੂੰ ਲੈ ਗੁਰੂ ਜੀ ਦੀ ਮਦਦ ਲਈ ਪੁੱਜ ਗਏ। ਭੰਗਾਣੀ ਵਿਚ ਘੋਰ ਯੁੱਧ ਹੋਇਆ। ਇਸ ਯੁੱਧ ਵਿਚ ਉਨ੍ਹਾਂ ਦੇ ਦੋ ਪੁੱਤਰ ਸ਼ਹੀਦੀਆਂ ਪ੍ਰਾਪਤ ਕਰ ਗਏ। ਯੁੱਧ ਵਿਚ ਪਹਾੜੀ ਰਾਜੇ ਸਿੱਖਾਂ ਪਾਸੋਂ ਹਾਰ ਖਾ ਕੇ ਭੱਜ ਗਏ।
ਯੁੱਧ ਦੀ ਸਮਾਪਤੀ ਪਿਛੇ ਪੀਰ ਜੀ ਸਢੌਰਾ ਵਾਪਸ ਜਾਣ ਲਗੇ ਗੁਰੂ ਜੀ ਪਾਸੋਂ ਵਿਦਾਇਗੀ ਲੈਣ ਆਏ। ਪੀਰ ਜੀ ਨੂੰ ਗੁਰੂ ਜੀ ਨੇ ਪੁੱਛਿਆ, “ਪੀਰ ਜੀ, ਆਪ ਨੇ ਇਸ ਯੁੱਧ ਵਿਚ ਸਾਡੀ ਬਹੁਤ ਮਦਦ ਕੀਤੀ ਹੈ। ਆਪ ਦੀ ਕੋਈ ਖਾਸ ਮੰਗ ਹੋਵੇ ਤਾਂ ਆਪ ਦੱਸ ਸਕਦੇ ਹੋ। ਗੁਰੂ ਨਾਨਕ ਦੇ ਘਰ ਵਿਚੋਂ ਆਪ ਦੀ ਉਹ ਮੰਗ ਪੂਰੀ ਕੀਤੀ ਜਾਵੇਗੀ?”ਉਸ ਸਮੇਂ ਗੁਰੂ ਜੀ ਕੇਸਾਂ ਵਿਚ ਕੰਘਾ ਕਰ ਰਹੇ ਸਨ। ਪੀਰ ਜੀ ਨੇ ਕਿਹਾ, “ਗੁਰੂ ਜੀ, ਆਪ ਮੇਰੀ ਸੇਵਾਂ ਉਪਰ ਨਿਹਾਲ ਹੋਏ ਹੋ ਤਾਂ ਮੈਨੂੰ ਇਹ ਕੰਘਾ ਤੇ ਇਸ ਨਾਲ ਸਾਫ਼ ਕੀਤੇ ਆਪਣੇ ਸੁੰਦਰ ਕੇਸ ਬਖਸ਼ਣ ਦੀ ਕ੍ਰਿਪਾਲਤਾ ਕਰੋ।” ਗੁਰੂ ਜੀ ਨੇ ਉਹ ਕੇਸਾਂ ਸਮੇਤ ਕੰਘਾ ਪੀਰ ਬੁੱਧੂ ਸ਼ਾਹ ਨੂੰ ਬਖਸ਼ ਦਿਤਾ। ਉਹ ਕੰਘਾ ਕੇਸਾਂ ਸਮੇਤ ਨਾਭੇ ਦੇ ਮਹਾਰਾਜੇ ਭਰਪੂਰ ਸਿੰਘ ਨੇ ਪੀਰ ਜੀ ਦੀ ਔਲਾਦ ਪਾਸੋਂ ਮੂੰਹ ਮੰਗੀ ਰਕਮ ਦੇ ਕੇ ਖ਼ਰੀਦ ਲਿਆ ਸੀ। ਔਰੰਗਜ਼ੇਬ ਨੂੰ ਜਦੋਂ ਪਤਾ ਚਲਿਆ ਕਿ ਪੀਰ ਜੀ ਨੇ ਗੁਰੂ ਜੀ ਦੀ ਭੰਗਾਣੀ ਯੁੱਧ ਵਿਚ ਮਦਦ ਕੀਤੀ ਸੀ ਤਾਂ ਉਸ ਨੇ ਉਸਮਾਨ ਖ਼ਾਨ ਨੂੰ ਫੌਜ ਦੇ ਕੇ ਸਢੋਰਾ ਭੇਜਿਆ। ਉਸਮਾਨ ਖ਼ਾਨ ਨੇ ਪੀਰ ਜੀ ਨੂੰ ਗ੍ਰਿਫਤਾਰ ਕਰ ਲਿਆ। ਗੁਰੂ ਜੀ ਦੀ ਮਦਦ ਕਰਨ ਦੀ ਸਜ਼ਾ ਵਜੇ ਉਸ ਨੂੰ ਜਿੰਦਾ ਜ਼ਮੀਨ ਵਿਚ ਦਬਾ ਕੇ ਸ਼ਹੀਦ ਕਰ ਦਿੱਤਾ।