Guru Har Rai : ਇੱਕ ਵਾਰ ਦੋਵੇਂ ਸਾਹਿਬਜ਼ਾਦੇ ਬਾਬਾ ਰਾਮਰਾਇ ਜੀ ਅਤੇ ਬਾਲਾ ਗੁਰੂ ਹਰਿ ਕ੍ਰਿਸ਼ਨ ਜੀ ਸਮਾਧੀਆਂ ਲਾਈ ਬੈਠੇ ਸਨ ਤਾਂ ਇਕ ਸਿੱਖ ਨੇ ਆ ਕੇ ਬੜੀ ਵਡਿਆਈ ਕੀਤੀ ਕਿ ਦੋਵੇਂ ਸਾਹਿਬਜ਼ਾਦਿਆਂ ਦੀ ਨਾਮ ਸਿਮਰਨ ਵਿਚ ਡੂੰਘੀ ਲਿਵ ਲੱਗੀ ਹੈ । ਉਹ ਨਾਮ ਦੇ ਰੰਗ ਵਿਚ ਇਸ ਤਰ੍ਹਾਂ ਮਸਤ ਹਨ ਕਿ ਉਨ੍ਹਾਂ ਨੂੰ ਬਾਹਰਲੀ ਲੁਕਾਈ ਦਾ ਕੋਈ ਖਿਆਲ ਨਹੀਂ । ਗੁਰੂ ਹਰਿ ਰਾਇ ਸਾਹਿਬ ਜੀ ਨੇ ਉਸ ਸਿੱਖ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਇਹ ਲਵੋ ਸੂਈ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਥੋੜ੍ਹੀ ਥੋੜ੍ਹੀ ਚੁਭੋਣੀ ਅਤੇ ਵੇਖਣਾ ਕਿ ਕਿਹੜਾ ਪਹਿਲੋਂ ਸੁਚੇਤ ਹੁੰਦਾ ਹੈ । ਉਹ ਸਿੱਖ ਪਹਿਲਾਂ ਤਾਂ ਕੁੱਝ ਝਿਜਕਿਆ ਕਿ ਅਜਿਹਾ ਕਰਨ ਤੇ ਸਾਹਿਬਜ਼ਾਦੇ ਨਾਰਾਜ਼ ਹੋਣਗੇ ਅਤੇ ਉਨ੍ਹਾਂ ਦੇ ਮੁੱਖ ਵਿਚੋਂ ਕੁਝ ਅਸ਼ੁੱਬ ਬਚਨ ਵੀ ਨਿਕਲ ਸਕਦੇ ਹਨ ਜਿਹੜੇ ਉਸ ਲਈ ਮਾੜੇ ਵੀ ਸਿਧ ਹੋ ਸਕਦੇ ਹਨ ।
ਪਰ ਗੁਰੂ ਜੀ ਵੱਲੋਂ ਜ਼ੋਰ ਪਾਉਣ ਉਤੇ ਉਹ ਦੋਹਾਂ ਸਾਹਿਬਜ਼ਾਦਿਆਂ ਪਾਸ ਪੁਜਿਆ ਉਹ ਸਿੱਖ ਗੁਰੂ ਜੀ ਨੂੰ ਸਤਬਚਨ ਕਹਿ ਕੇ ਪਹਿਲਾਂ ਬਾਬਾ ਰਾਮਰਾਇ ਦੇ ਪੰਘੂੜੇ ਪਾਸ ਪੁੱਜਾ ਅਤੇ ਕੁਝ ਦੇਰ ਪਾਠ ਸੁਣਦਾ ਰਿਹਾ। ਬਾਬਾ ਰਾਮਰਾਇ ਜੀ ਪੋਥੀ ਪੰਘੂੜੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ। ਕੁਝ ਸਮਾਂ ਪਾਠ ਸੁਣਨ ਤੋਂ ਬਾਅਦ ਉਸ ਸਿੱਖ ਨੇ ਸੂਈ ਬਾਬਾ ਰਾਮਰਾਇ ਦੇ ਪੰਘੂੜੇ ਦੇ ਇਕ ਪਾਵੇ ਵਿਚ ਖੋਭੀ, ਪਰ ਲੱਕੜ ਦਾ ਪਾਵਾ ਏਨਾ ਸਖਤ ਸੀ ਕਿ ਸੂਈ ਇਕ ਤਿਣਕਾ ਭਰ ਵੀ ਨਾ ਖੁੱਭ ਸਕੀ। ਉਸ ਨੇ ਦੁਬਾਰਾ ਵੀ ਯਤਨ ਕੀਤਾ, ਪਰ ਸੁੱਕੀ ਲੱਕੜ ਵਿਚ ਸੂਈ ਕਿਵੇਂ ਖੁੱਭ ਸਕਦੀ ਸੀ ? ਫਿਰ ਉਹ ਸਿੱਖ ਬਾਲਾ ਗੁਰੂ ਹਰਿਕ੍ਰਿਸ਼ਨ ਜੀ ਦੇ ਪੰਘੂੜੇ ਪਾਸ ਪੁੱਜਿਆ ਅਤੇ ਪਾਠ ਸੁਣਨ ਲੱਗਾ, ਪਾਠ ਏਨੀ ਮਿੱਠੀ ਸੁਰ ਵਿੱਚ ਪੜ੍ਹਿਆ ਜਾ ਰਿਹਾ ਸੀ ਕਿ ਸਿੱਖ ਕੀਲਿਆ ਹੀ ਗਿਆ ਅਤੇ ਕਾਫ਼ੀ ਸਮਾਂ ਪਾਠ ਹੀ ਸੁਣਦਾ ਰਿਹਾ। ਫਿਰ ਉਸਨੂੰ ਗੁਰੂ ਸਾਹਿਬ ਦਾ ਆਦੇਸ਼ ਯਾਦ ਆਇਆ ਤਾਂ ਉਸ ਸੂਈ ਨੂੰ ਬਾਲਾ ਗੁਰੂ ਦੇ ਪਾਵੇ ਵਿਚ ਖੁਭੋਇਆ। ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਪਾਵੇ ਦੀ ਲੱਕੜ ਬਿਲਕੁਲ ਹਰੀ ਲੱਕੜ ਵਾਂਗ ਹੋ ਗਈ ਸੀ ਅਤੇ ਸੂਈ ਉਸ ਵਿਚ ਇਸ ਤਰ੍ਹਾਂ ਖੁੱਭ ਗਈ ਜਿਵੇਂ ਮੋਮ ਹੋਵੇ। ਉਸ ਨੇ ਫਿਰ ਪਾਵੇ ਨੂੰ ਹੱਥ ਲਾ ਕੇ ਵੇਖਿਆ, ਉਸ ਨੂੰ ਇੰਝ ਲੱਗਾ ਜਿਵੇਂ ਪਾਵੇ ਦੀ ਲੱਕੜ ਕਿਸੇ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ। ਉਹ ਫਿਰ ਗੁਰੂ ਹਰਿਰਾਇ ਜੀ ਪਾਸ ਆਇਆ ਤੇ ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਈ।
ਗੁਰੂ ਜੀ ਉਸਦੀ ਗੱਲ ਸੁਣਕੇ ਬੜੇ ਖੁਸ਼ ਹੋਏ ਅਤੇ ਕਿਹਾ, “ਗੁਰੂ ਜੀ ਦੀ ਬਾਣੀ ਨੂੰ ਜਿਹੜਾ ਸੱਚੇ ਦਿਲੋਂ ਪੜ੍ਹਦਾ ਹੈ ਤਾਂ ਸੁੱਕੇ ਬੂਟੇ ਵੀ ਹਰੇ ਹੋ ਜਾਂਦੇ ਹਨ। ਬਾਲ ਹਰਿਕ੍ਰਿਸ਼ਨ ਇਸ ਬਾਣੀ ਨੂੰ ਪ੍ਰਭੂ ਨਾਲ ਇਕਮਿੱਕ ਹੋ ਕੇ ਪੜ੍ਹ ਰਿਹਾ ਹੈ। ਇਸ ਲਈ ਉਸਦੇ ਪੰਘੂੜੇ ਦੀ ਸੁੱਕੀ ਲੱਕੜ ਵੀ ਹਰੀ ਹੋ ਗਈ ਹੈ। ਪਰ ਸਾਹਿਬਜ਼ਾਦਾ ਰਾਮਰਾਇ ਇਕ ਨੇਮ ਪੂਰਾ ਕਰ ਰਿਹਾ ਹੈ, ਇਸ ਲਈ ਉਸ ਦੀ ਬਾਣੀ ਦਾ ਸੁੱਕੀ ਲੱਕੜ ਉਤੇ ਕੋਈ ਪ੍ਰਭਾਵ ਨਹੀਂ ਪਿਆ। ਹੁਣ ਮੈਂ ਸਮਝਦਾ ਹਾਂ ਕਿ ਤੁਹਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਹੀ ਗਿਆ ਹੋਵੇਗਾ। ਸਿੱਖ ਨੇ ਹਾਂ ਵਿਚ ਸਿਰ ਹਿਲਾ ਵਿਦਾ ਲੈ ਲਈ।