Salvation of Bhai : ਭਾਈ ਕੀਰਤੀਆ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ‘ਚ ਮਦਾਰੀ ਰਿੱਛ ਦਾ ਤਮਾਸ਼ਾ ਦਿਖਾਉਣ ਲਈ ਆਇਆ ਅਤੇ ਉਸ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਤਮਾਸ਼ਾ ਦੇਖ ਲੈਣ ਸਿੱਖਾਂ ਗੁਰੂ ਸਾਹਿਬ ਤਾਈਂ ਦਸਿਆ ਤਾਂ ਗੁਰੂ ਸਾਹਿਬ ਕਿਹਾ ਬੁਲਾਉ ਭਾਈ ਦੇਖ ਲੈਂਦੇ ਹਾਂ। ਸਿੱਖ ਵੀ ਹੈਰਾਨ ਕਿ ਜਗਤ ਨੂੰ ਤਮਾਸ਼ਾ ਸਮਝਣ ਵਾਲਾ ਅੱਜ ਰਿਛ ਦਾ ਤਮਾਸ਼ਾ ਦੇਖਣ ਲਈ ਰਾਜ਼ੀ ਹੋ ਗਿਆ ਹੈ। ਪਰ ਗੁਰੂ ਸਾਹਿਬ ਦੇ ਚੋਜ ਨੂੰ ਕੌਣ ਜਾਣ ਸਕਦਾ ਸੀ। ਮਦਾਰੀ ਨੇ ਦਰਬਾਰ ਵਿਚ ਆਕੇ ਆਪਣਾ ਰਿਛ ਨਚਾਉਣਾ ਸ਼ੁਰੂ ਕਰ ਦਿੱਤਾ। ਸਾਰੇ ਸਿੱਖ ਤਮਾਸ਼ਾ ਦੇਖ ਰਹੇ ਸਨ। ਗੁਰੂ ਸਾਹਿਬ ਦਾ ਚੋਰ ਬਰਦਾਰ ਭਾਈ ਕੀਰਤੀਆ ਬੜੀ ਜ਼ੋਰ ਜ਼ੋਰ ਨਾਲ ਹੱਸ ਰਿਹਾ ਸੀ। ਗੁਰੂ ਸਾਹਿਬ ਨੇ ਉਸ ਦੇ ਨੂੰ ਹੱਸਦੇ ਦੇਖ ਪੁੱਛਿਆ ਭਾਈ ਤੂੰ ਕਿਉਂ ਪਿਆਂ ਇਤਨਾ ਹੱਸਦਾ ਹੈਂ? ਭਾਈ ਕੀਰਤੀਏ ਨੇ ਕਿਹਾ ਕਿ ਗੁਰੂ ਜੀ ਦੇਖੋ ਨਾ ਐਡਾ ਵੱਡਾ ਰਿਛ ਕਿਸ ਤਰ੍ਹਾਂ ਮਦਾਰੀ ਤੋਂ ਡਰਦਾ ਛਾਲਾਂ ਮਾਰ ਰਿਹਾ ਹੈ। ਗੁਰੂ ਸਾਹਿਬ ਨੇ ਫੁਰਮਾਇਆ ਇਹ ਤੇਰਾ ਹੀ ਪਿਓ ਹੈ।
ਇਹ ਸੁਣ ਭਾਈ ਕੀਰਤੀਆ ਗੰਭੀਰ ਹੋ ਗਿਆ ਅਤੇ ਕਿਹਾ ਕਿ ਗੁਰੂ ਜੀ ਮੇਰਾ ਪਿਤਾ ਤਾਂ ਨੌਵੇਂ ਪਾਤਸ਼ਾਹ ਦਾ ਚੌਰ ਬਰਦਾਰ ਸੀ ਸੇਵਕ ਸੀ ਸਾਰੀ ਉਮਰ ਗੁਰੂ ਕੇ ਹਜ਼ੂਰ ਸੇਵਾ ਕੀਤੀ ਜੇ ਉਸ ਨੂੰ ਰਿਛ ਦੀ ਜੂਨੀ ਮਿਲੀ ਹੈ ਤਾਂ ਮੈਂ ਤਾਂ ਫਿਰ ਅਗਲੇ ਜਨਮ ਵਿਚ ਬਾਂਦਰ ਬਣਾਂਗਾ। ਇਹ ਸੁਣ ਗੁਰੂ ਸਾਹਿਬ ਨੇ ਫੁਰਮਾਇਆ ਕਿ ਭਾਈ ਕੀਰਤੀਆ ਗੱਲ ਤੂੰ ਠੀਕ ਕਰਦਾ ਹੈਂ। ਸੇਵਾ ਤੇਰੇ ਬਾਪ ਨੇ ਜ਼ਰੂਰ ਕੀਤੀ ਸੀ ਪਰ ਨਾਲ ਇਕ ਗਲਤੀ ਵੀ ਕਰ ਬੈਂਠਾ ਸੀ ਜਿਸ ਕਾਰਨ ਉਸ ਨੂੰ ਰਿੱਛ ਜੂਨੀ ਵਿਚ ਆਉਣਾ ਪਿਆ। ਸਾਰੀ ਸੰਗਤ ਦੀ ਉਤਸੁਕਤਾ ਅਤੇ ਮਨਾਂ ਵਿਚ ਪਏ ਸ਼ੰਕੇ ਦੇਖ ਗੁਰੂ ਸਾਹਿਬ ਨੇ ਸਾਰੀ ਗੱਲ ਦਸਣੀ ਸ਼ੁਰੂ ਕਰ ਦਿੱਤੀ। ਭਾਈ ਕੀਰਤੀਆ ਤੇਰਾ ਬਾਪ ਸ਼ੋਭਾ ਰਾਮ ਇਕ ਦਿਨ ਕੜਾਹ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਸੀ। ਗੁਰੂ ਦਾ ਇਕ ਸਿਦਕੀ ਸਿੱਖ ਭਾਈ ਧੰਨਾ ਅਨਾਜ ਦਾ ਗੱਡਾ ਲੈਕੇ ਆਇਆ ਕੜਾਹ ਪ੍ਰਸ਼ਾਦ ਵਰਤਦਾ ਦੇਖ ਕੜਾਹ ਪ੍ਰਸ਼ਾਦ ਲੈਣ ਲਈ ਉਸ ਤੇਰੇ ਬਾਪ ਨੂੰ ਬੇਨਤੀ ਕੀਤੀ ਕਿ ਭਾਈ ਜੀ ਮੈਨੂੰ ਪ੍ਰਸ਼ਾਦ ਦਿਓ। ਪਰ ਤੇਰਾ ਬਾਪ ਸ਼ੋਭਾ ਰਾਮ ਉਸ ਨੂੰ ਦੇਖਕੇ ਪਾਸੇ ਨੂੰ ਹੋ ਗਿਆ। ਜਦ ਭਾਈ ਧੰਨਾ ਦੂਜੇ ਪਾਸੇ ਜਾ ਬੈਠਾ ਤਾਂ ਸ਼ੋਭਾ ਰਾਮ ਉਸ ਦੇ ਲਿਬੜੇ ਕਪੜੇ ਦੇਖਕੇ ਫਿਰ ਹੋਰ ਪਾਸੇ ਨੂੰ ਹੋ ਗਿਆ। ਭਾਈ ਧੰਨਾ ਜੀ ਨੇ ਬੇਨਤੀ ਕੀਤੀ ਕਿ ਭਾਈ ਜੀ ਮੇਰਾ ਗੱਡਾ ਜਾਂਦਾ ਹੈ ਛੇਤੀ ਮੈਨੂੰ ਪ੍ਰਛਾਦ ਦੇ ਦਿਓ ਮੈਂ ਜਾਣਾ ਹੈ। ਅੱਗੋਂ ਸ਼ੋਭਾ ਰਾਮ ਗੁੱਸੇ ਨਾਲ ਬੋਲਿਆ ਪਰਾਂ ਹੋਕੇ ਬੈਠਜਾ ਕਿਦਾਂ ਰਿਛ ਤਰ੍ਹਾਂ ਟੱਪਦਾ ਫਿਰਦਾ ਹੈਂ।
ਇਹ ਸੁਣ ਭਾਈ ਧੰਨੇ ਨੇ ਧਰਤੀ ‘ਤੇ ਡਿੱਗਾ ਪ੍ਰਸ਼ਾਦ ਦਾ ਕਿਣਕਾ ਮੂੰਹ ‘ਚ ਪਾ ਧੰਨ ਗੁਰੂ ਕਿਹਾ ਅਤੇ ਨਾਲ ਹੀ ਬਚਨ ਕੀਤਾ ਕਿ ਰਿਛ ਤਾਂ ਤੂੰ ਹੈਂ ਮੈਂ ਤਾਂ ਗੁਰੂ ਸਾਹਿਬ ਦਾ ਸਿੱਖ ਹਾਂ। ਜਿਸ ਤਰ੍ਹਾਂ ਗੁਰਬਾਣੀ ਦਾ ਫੁਰਮਾਣ ਹੈ ਕਿ ਇਕ ਸਾਧ ਬਚਨ ਅਟਲਾਧਾ।। ਭਾਈ ਧੰਨਾ ਸਾਧੂ ਬਿਰਤੀ ਵਾਲਾ ਸੀ। ਉਸ ਦਾ ਬਚਨ ਪੂਰਾ ਹੋਇਆ ਤੇ ਤੇਰਾ ਬਾਪ ਸ਼ੋਭਾ ਰਾਮ ਮਰਨ ਉਪਰੰਤ ਰਿਛ ਦੀ ਜੂਨੀ ਵਿਚ ਪੈ ਗਿਆ। ਇਹ ਸੁਣ ਭਾਈ ਕੀਰਤੀਏ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਆਪ ਜਾਣੀ ਜਾਨ ਹੋ ਬਖਸ਼ਣਹਾਰ ਹੋ ਕਿਰਪਾ ਕਰੋ ਇਸ ਦੀ ਗਤੀ ਕਰੋ। ਗੁਰੂ ਸਾਹਿਬ ਨੇ ਮਦਾਰੀ ਨੂੰ ਰਿਛ ਦਾ ਮੁੱਲ ਦੇਕੇ ਰਿਛ ਖਰੀਦ ਲਿਆ ਜਲ ਮੰਗਵਾਇਆ ਬਾਣੀ ਪੜ ਛਿੱਟੇ ਮਾਰੇ ਤਾਂ ਰਿਛ ਦੇ ਸਰੀਰ ਵਿਚੋਂ ਸ਼ੋਭਾ ਰਾਮ ਦੀ ਆਤਮਾ ਨਿਕਲ ਕੇ ਬਾਹਰ ਆਈ ਗੁਰੂ ਸਾਹਿਬ ਨੂੰ ਪ੍ਰਣਾਮ ਕੀਤਾ ਤੇ ਜਨਮ ਮਰਨ ਤੋਂ ਮੁਕਤ ਹੋ ਗਿਆ। ਇਸੇ ਨੂੰ ਹੀ ਗੁਰਬਾਣੀ ਵਿਚ ਇਉਂ ਦਰਸਾਇਆ ਹੈ।
ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨੁ ਸਤਿਗੁਰ ਮੁਕਤਿ ਨਾ ਪਾਵੈ।। ਪਾਵੈ ਮੁਕਤਿ ਨਾ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ।। ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨਾ ਪਾਏ।। ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ।। ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨਾ ਪਾਏ।। ਭਾਵ ਕਿ ਜੇ ਕੋਈ ਆਪਣੀ ਗਲਤੀ ਕਰਕੇ ਗੁਰੂ ਤੋਂ ਬੇਮੁਖ ਹੋ ਜਾਵੇ ਤਾਂ ਉਹ ਗੁਰੂ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ ਕਈ ਜੂਨਾਂ ਵਿਚ ਭਰਮ ਭਰਮ ਕੇ ਵੀ ਮੁਕਤੀ ਗੁਰੂ ਦੇ ਚਰਨੀਂ ਪਿਆ ਹੁਕਮ ਮੰਨਿਆ ਹੀ ਹੁੰਦੀ ਹੈ। ਗੁਰੂ ਦੀ ਚਰਨੀਂ ਪੈਣ ਤੋਂ ਇਲਾਵਾ ਹੋਰ ਕਿਸੇ ਸਾਧਨ ਨਾਲ ਮੁਕਤੀ ਨਹੀਂ ਹੋ ਸਕਦੀ। ਭਾਵ ਕਿ ਮਨੁੱਖ ਦਾ ਨਿਸਤਾਰਾ ਗੁਰੂ ਦੇ ਚਰਨੀਂ ਲੱਗਿਆ ਹੀ ਹੋਣਾ ਹੈ। ਫਿਰ ਇਹ ਸਾਡੇ ‘ਤੇ ਹੈ ਕਿ ਅਸੀਂ ਨਿਸਤਾਰਾ ਇਸੇ ਜਨਮ ਵਿਚ ਕਰਵਾਉਣਾ ਹੈ ਜਾਂ ਅਨੇਕ ਜੂਨਾਂ ਵਿਚ ਭਰਮ ਭਰਮ ਕੇ ਫਿਰ ਕਰਵਾਉਣਾ ਹੈ।