Arhats decide to : ਪੰਜਾਬ ਦੇ ਆੜ੍ਹਤੀਆਂ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਕੇਂਦਰ ਤੇ ਪੰਜਾਬ ਸਰਕਾਰ ਦੇ ਫੈਸਲਿਆਂ ਖਿਲਾਫ ਰੋਸ ਪ੍ਰਗਟ ਕਰਨ ਲਈ 10 ਮਾਰਚ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ ਰੱਖੀਆਂ ਜਾਣਗੀਆਂ। ਇਹ ਜਾਣਕਾਰੀ ਖੰਨਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਨਾਲ ਮੀਟਿੰਗ ਤੋਂ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ‘ਚ ਆੜ੍ਹਤੀਆਂ ਦੀ ਮੌਜੂਦਗੀ ਕਰਕੇ ਫਸਲਾਂ ਦੀ ਅਦਾਇਗੀ ਅਤੇ ਜ਼ਮੀਨ ਦੀਆਂ ਜਮ੍ਹਾਬੰਦੀਆਂ ਨੂੰ ਲੈ ਕੇ ਖਰੀਦ ਕਰਨ ਦਾ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਤੇ ਕੈਪਟਨ ਸਰਕਾਰ ਵੱਲੋਂ ਕੇਂਦਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ ਜਿਸ ਮੁਤਾਬਕ ਕਣਕ ਦੀ ਫਸਲ ‘ਤੇ ਕੇਂਦਰ ਦੇ ਹੁਕਮ ਲਾਗੂ ਹੋਣਗੇ, ਜੋ ਕਿ ਸਰਾਸਰ ਗਲਤ ਹੈ।
ਹੋਰ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ ਆੜ੍ਹਤੀਆਂ ਦੀ ਪਹਿਲਾਂ ਹੀ 150 ਕਰੋੜ ਰੁਪਏ ਦੀ ਆੜ੍ਹਤ ਅਤੇ 50 ਕਰੋੜ ਰੁਪਏ ਦੀ ਮਜ਼ਦੂਰੀ ਬਕਾਇਆ ਹੈ ਜਿਸ ਬਾਰੇ ਜੇਕਰ ਆੜ੍ਹਤੀ ਖੁਰਾਕ ਮੰਤਰੀ ਨਾਲ ਗੱਲ ਕਰਦੇ ਹਨ ਤਾਂ ਇਸ ਦਾ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤੇ ਹੁਣ ਕੇਂਦਰ ਵੱਲੋਂ ਨਵਾਂ ਹੁਕਮਨਾਮਾ ਜਾਰੀ ਕੀਤੇ ਜਾਣ ਕਾਰਨ ਆੜ੍ਹਤੀਆਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਆੜ੍ਹਤੀ ਐਸੋਸੀਏਸ਼ਨ ਵੱਲੋਂ 10 ਮਾਰਚ ਤੋਂ ਸਾਰੀਆਂ ਅਨਾਜ ਮੰਡੀਆਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।