Corona Dangerous again : ਪੰਜਾਬ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਭਿਆਨਕ ਰੂਪ ਧਾਰ ਲਿਆ ਹੈ। ਦਿਨੋ-ਦਿਨ ਇਸ ਦੀ ਵੱਡੀ ਗਿਣਤੀ ਸਾਹਮਣੇ ਆ ਰਹੀ ਹੈ। ਅੱਜ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਦੇ 208 ਨਵੇਂ ਮਾਮਲੇ ਸਾਹਮਣੇ ਆ ਰਹੇ ਤੇ ਨਾਲ ਹੀ ਮੰਦਭਾਗੀ ਗੱਲ ਇਹ ਵੀ ਰਹੀ ਕਿ ਕੋਰੋਨਾ ਨਾਲ ਅੱਜ 7 ਲੋਕਾਂ ਦੀ ਮੌਤ ਵੀ ਹੋ ਗਈ। ਪਾਜੀਟਿਵ ਆਉਣ ਵਾਲੇ ਮਰੀਜ਼ਾਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀ, ਪੁਲਿਸ ਮੁਲਾਜ਼ਮ, ਸਿਹਤ ਕਰਮਚਾਰੀ ਤੇ ਸਟਾਫ ਮੈਂਬਰ ਹਨ।
ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਹੋਇਆ ਡੀ. ਸੀ. ਘਣਸ਼ਿਆਮ ਥੋਰੀ ਵੱਲੋਂ ਨਾਈਟ ਕਰਫਿਊ ਦਾ ਐਲਾਨ ਵੀ ਕੀਤਾ ਗਿਆ ਹੈ ਜਿਸ ਤਹਿਤ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸਾਰਾ ਸ਼ਹਿਰ ਬੰਦ ਰਹੇਗਾ। ਤੇ ਇਸ ਦੇ ਨਾਲ ਹੀ ਕੋਰੋਨਾ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਨੂੰ ਰੋਜ਼ਾਨਾ 6000 ਲੋਕਾਂ ਦੇ ਸੈਂਪਲ ਲੈਣ ਦੀ ਹਦਾਇਤ ਵੀ ਦਿੱਤੀ ਗਈ ਹੈ ਤੇ ਜਿਹੜੇ ਵਿਅਕਤੀ ਪਾਜੀਟਿਵ ਪਾਏ ਜਾਣਗੇ ਉਨ੍ਹਾਂ ਨੂੰ ਏਕਾਂਤਵਾਸ ‘ਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ ਜਿਹੜੇ ਨਵੇਂ 208 ਕੇਸਾਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚ ਜਲੰਧਰ ਤੋਂ ਇਲਾਵਾ ਹੋਰਨਾਂ ਜਿਲ੍ਹਿਆਂ ਦੇ ਵੀ ਲੋਕ ਸ਼ਾਮਲ ਹਨ।
ਕੇਂਦਰ ਨੇ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕਰਨ ਲਈ ਇਕ ਵਿਸ਼ੇਸ਼ ਟੀਮ ਵੀ ਪੰਜਾਬ ਭੇਜੀ ਹੈ। ਇਸ ਦੇ ਬਾਵਜੂਦ ਵੀ ਪੰਜਾਬ ਵਿਚ ਸਥਿਤੀ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ ਹੈ। ਨਵੇਂ ਕੇਸਾਂ ਦੇ ਮਾਮਲੇ ਵਿੱਚ ਪੰਜਾਬ ਨੇ ਮਹਾਰਾਸ਼ਟਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 28 ਫਰਵਰੀ ਨੂੰ ਪੰਜਾਬ ਵਿਚ ਨਵੇਂ ਕੇਸਾਂ ਦੀ ਦਰ 0.29 ਪ੍ਰਤੀਸ਼ਤ ਸੀ ਜੋ ਹੁਣ 0.45 ਪ੍ਰਤੀਸ਼ਤ ਹੋ ਗਈ ਹੈ। ਮਹਾਰਾਸ਼ਟਰ ਵਿਚ, ਇਹੋ ਦਰ 28 ਫਰਵਰੀ ਨੂੰ 0.36 ਪ੍ਰਤੀਸ਼ਤ ਸੀ ਜੋ ਹੁਣ 6 ਮਾਰਚ ਨੂੰ 0.41 ਪ੍ਰਤੀਸ਼ਤ ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ 5190528 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 188391 ਲੋਕਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।