Akhilesh yadav slams yogi government : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ‘ਨਾਰੀ ਸ਼ਕਤੀ’ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਮਾਜਵਾਦੀ ‘ਅੱਧੀ ਆਬਾਦੀ’ ਦੇ ਪੂਰੇ ਸਨਮਾਨ, ਸੁਰੱਖਿਆ, ਸਿਹਤ, ਰੁਜ਼ਗਾਰ ਲਈ ਵਚਨਬੱਧ ਹੈ। ਸਮਾਜਵਾਦੀ ਪਾਰਟੀ ਨੇ ਵੱਧ ਰਹੇ ਮਹਿਲਾ ਅਪਰਾਧ, ਔਰਤਾਂ ਦੀ ਸਿਹਤ ਸੇਵਾਵਾਂ ਦੀ ਘਾਟ, ਮਹਿੰਗਾਈ, ਸਿੱਖਿਆ ਵਿੱਚ ਅਣਗਹਿਲੀ, ਗਰੀਬਾਂ ਦੀ ਪੈਨਸ਼ਨ ਵਰਗੀਆਂ ਸਮੱਸਿਆਵਾਂ ‘ਤੇ ਰਾਜ ਵਿੱਚ ‘ਮਹਿਲਾ ਘੇਰਾ’ ਪ੍ਰੋਗਰਾਮ ਚਲਾ ਕੇ ਬੀਜੇਪੀ ਸਰਕਾਰ ਵਿੱਚ ਔਰਤਾਂ ਨਾਲ ਕੀਤੇ ਜਾ ਰਹੇ ਅਣਗੌਲੇ ਵਿਵਹਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਭਾਜਪਾ ‘ਤੇ ਵਰ੍ਹਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਸਰਕਾਰ ਵਿੱਚ ਔਰਤਾਂ ਵਿਰੁੱਧ ਅਪਰਾਧ ਵਧੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਦੇ ਵੀ ਔਰਤਾਂ ਦੇ ਮੁੱਢਲੇ ਮੁੱਦਿਆਂ ‘ਤੇ ਨਹੀਂ ਸੋਚਦੀ। ਭਾਜਪਾ ਲੀਡਰਸ਼ਿਪ ਦੀ ਮਰਦ ਪ੍ਰਧਾਨ ਮਾਨਸਿਕਤਾ ਕਾਰਨ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਸੇਵਾਵਾਂ ਦੇ ਬਾਵਜੂਦ ਤਨਖਾਹ, ਤਰੱਕੀਆਂ ਅਤੇ ਕਾਰਜ ਪ੍ਰਣਾਲੀਆਂ ਵਿੱਚ ਅੰਤਰ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਨੇ ਉੱਤਰ ਪ੍ਰਦੇਸ਼ ਵਿੱਚ ਔਰਤਾਂ ਅਤੇ ਲੜਕੀਆਂ ਖ਼ਿਲਾਫ਼ ਜੁਰਮਾਂ ਵਿੱਚ ਹੋਏ ਵਾਧੇ ਦੀ ਡਿਟੇਲ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਦੀ ਬਦਨਾਮੀ ਹੁਣ ਭਾਜਪਾ ਸਰਕਾਰ ਕਾਰਨ ਰਾਸ਼ਟਰੀ ਪੱਧਰ ‘ਤੇ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਭਾਜਪਾ ਸਰਕਾਰ ਦਿਖਾਵੇ ਲਈ ‘ਨਾਰੀ ਸ਼ਕਤੀ’ ਦਾ ਨਾਮ ਲੈ ਰਹੀ ਹੈ। ਔਰਤਾਂ ਪ੍ਰਤੀ ਸਤਿਕਾਰ ਦਾ ਪ੍ਰਦਰਸ਼ਨ ਕਰਨਾ ਉਨ੍ਹਾਂ ਲਈ ਰਾਜਸੀ ਸਵੈ-ਹਿੱਤ ਅਤੇ ਵੋਟਾਂ ਹਾਸਿਲ ਕਰਨ ਦਾ ਇੱਕ ਤਰੀਕਾ ਹੈ। ਅਖਿਲੇਸ਼ ਯਾਦਵ ਨੇ ਕਿਹਾ, ਇਹ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਬਿਹਤਰ ਹੁੰਦਾ, ਮੁੱਖ ਮੰਤਰੀ ਔਰਤਾਂ ਦੀ ਸੁਰੱਖਿਆ ਲਈ ਕੁੱਝ ਠੋਸ ਕੰਮ ਕਰਦੇ ਅਤੇ ਔਰਤਾਂ ਦੇ ਰੋਜ਼ਾਨਾ ਹੁੰਦੇ ਅਪਮਾਨ ਨੂੰ ਰੋਕ ਦੇ ਪਰ ਹੁਣ ਇੰਨੀ ਦੇਰ ਹੋ ਗਈ ਹੈ ਲੋਕ ਭਾਜਪਾ ਸਰਕਾਰ ‘ਤੇ ਭਰੋਸਾ ਨਹੀਂ ਕਰ ਸਕਦੇ।
ਇਹ ਵੀ ਦੇਖੋ : Exclusive : ਬਜਟ ‘ਚ ਕਰ ਦਿੱਤੇ ਵੱਡੇ ਐਲਾਨ, ਵੋਟਾਂ ਵਾਲੇ ਵਰ੍ਹੇ ‘ਚ ਖੋਲ੍ਹ ਦਿੱਤਾ ਖ਼ਜ਼ਾਨੇ ਦਾ ਮੂੰਹ