The ED also : ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖ਼ਪਾਲ ਸਿੰਘ ਖ਼ਹਿਰਾ ਦੇ ਘਰ ਅਤੇ ਵੱਖ-ਵੱਖ ਰਿਹਾਇਸ਼ਾਂ ’ਤੇ ਈ.ਡੀ. ਦੀ ਰੇਡ ਤੋਂ ਬਾਅਦ ਹੁਣ ਉਨ੍ਹਾਂ ਦੇ ਦਿੱਲੀ ਰਹਿੰਦੇ ਦਾਮਾਦ ਇੰਦਰਵੀਰ ਸਿੰਘ ਜੌਹਲ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਥੇ ਪਏ ਦਸਤਾਵੇਜ਼ਾਂ ਤੇ ਬੈਂਕ ਲੈਣ-ਦੇਣ ਦੇ ਹਿਸਾਬ ਦੀ ਜਾਂਚ ਕੀਤੀ ਜਾ ਰਹੀ ਹੈ। ED ਦੇ ਇੱਕ ਅਧਿਕਾਰੀ ਮੁਤਾਬਕ ਇੰਦਰਵੀਰ ਸਿੰਘ ਆਪਣੀ ਵਾਈ ਫਾਈ ਸਿਸਟਮਜ਼ ਦਾ ਕੰਮ ਕਰਦੀ ਕੰਪਨੀ ਰਾਹੀਂ ‘ਮਨੀ ਲਾਂਡਰਿੰਗ’ ‘ਚ ਸੁਖਪਾਲ ਖਹਿਰਾ ਦੀ ਮਦਦ ਕਰ ਰਹੇ ਸਨ।
ਇਸ ਸਾਰੇ ਮਾਮਲੇ ਸਬੰਧੀ ਵਿਧਾਇਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਈਡੀ ਦੀ ਰੇਡ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਉਠਾਈ ਜਾ ਰਹੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਦੀ ਹੈ ਅਤੇ ਸਰਕਾਰ ਉਨ੍ਹਾਂ ਕੋਲੋਂ ਡਰਦੀ ਹੈ। ਖ਼ਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਯੂ.ਏ.ਪੀ.ਏ. ਦਾ ਵਿਰੋਧ ਕਰਨ, ਕਿਸਾਨ ਅੰਦੋਲਨ ਨਾਲ ਖੜ੍ਹੇ ਹੋਣ, ਉੱਤਰ ਪ੍ਰਦੇਸ਼ ਦੇ ਕਿਸਾਨ ਨਵਰੀਤ ਸਿੰਘ ਦੇ ਮਾਮਲੇ ਵਿੱਚ ਜਾਂਚ ਕਰਵਾਉਣ ਲਈ ਆਵਾਜ਼ ਉਠਾਉਣ ਕਰਕੇ ਉਨ੍ਹਾਂ ਨੂੰ ਕੇਂਦਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰ ਹਰ ਉਸ ਵਿਅਕਤੀ ਦੀ ਆਵਾਜ਼ ਦੱਬਣਾ ਚਾਹੁੰਦੀ ਹੈ ਜੋ ਕਿਸੇ ਵੀ ਮੁੱਦੇ ’ਤੇ ਸਰਕਾਰ ਦੀ ਅਲੋਚਨਾ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਈ.ਡੀ. ਵੱਲੋਂ ਉਨ੍ਹਾਂ ਨੂੰ ਕੇਵਲ ‘ਮਨੀ ਲਾਂਡਰਿੰਗ’ ਸੰਬੰਧੀ ਹੀ ਨੋਟਿਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਬਾਰੇ ਜਾਅਲੀ ਪਾਸਪੋਰਟ ਆਦਿ ਬਾਰੇ ਜੋ ਗੱਲ ਫ਼ੈਲਾਈ ਜਾ ਰਹੀ ਹੈ, ਉਸ ਵਿੱਚ ਜ਼ਰਾ ਵੀ ਸੱਚਾਈ ਨਹੀਂ ਹੈ।
ਦੂਜੇ ਪਾਸੇ ਈ. ਡੀ. ਦੇ ਅਧਿਕਾਰੀ ਦਾ ਕਹਿਣਾ ਹੈ ਕਿ 2015 ‘ਚ ਫਾਜ਼ਿਲਕਾ ‘ਚ ਡਰੱਗਜ਼ ਨਾਲ ਸਬੰਧਤ ਇੱਕ ਕੇਸ ਦਰਜ ਕੀਤਾ ਗਿਆ ਸੀ ਤੇ ਇਸ ‘ਚ ਜੋ ਵਿਅਕਤੀ ਦੋਸ਼ੀ ਪਾਏ ਗਏ ਸਨ ਉਨ੍ਹਾਂ ‘ਚੋਂ ਕੁਝ ਨੂੰ ਸਜ਼ਾ ਵੀ ਹੋ ਚੁੱਕੀ ਹੈ। ਸ. ਖਹਿਰਾ ਦੋਸ਼ੀ ਪਾਏ ਗਏ ਵਿਅਕਤੀਆਂ ਨਾਲ ਸਬੰਧ ਰੱਖਦੇ ਹਨ ਇਸੇ ਲਈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਈ. ਡੀ. ਨੇ ਖੁਲਾਸਾ ਕੀਤਾ ਕਿ ਸ. ਖਹਿਰਾ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇਸ ਮਾਮਲੇ ਨਾਲ ਜੁੜੇ ਜੇਲ੍ਹ ‘ਚ ਬੰਦ 4 ਵਿਅਕਤੀਆਂ ਹਰਬੰਸ ਸਿੰਘ, ਸੁਭਾਸ਼ ਚੰਦਰ, ਗੁਰਦੇਵ ਸਿੰਘ ਤੇ ਮਨਜੀਤ ਸਿੰਘ ਤੋਂ ਪੁੱਛਗਿਛ ਕੀਤੀ ਸੀ। ਇਸੇ ਤਰ੍ਹਾਂ ਤਿੰਨ ਵਿਅਕਤੀ ਜੋ ਜਾਅਲੀ ਪਾਸਪੋਰਟ ਕੇਸ ਨਾਲ ਸੰਬੰਧਤ ਹਨ ਦੀ ਵੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚ ਜਲੰਧਰ ਦੀ ਹਰਮਿੰਦਰ ਕੌਰ, ਕਪੂਰਥਲਾ ਦੀ ਰਾਜਵਿੰਦਰ ਕੌਰ ਅਤੇ ਕਪੂਰਥਲਾ ਦੇ ਬਿੱਕਰ ਸਿੰਘ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਤੋਂ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸਿਜ਼ ਬਰਾਮਦ ਕੀਤੇ ਗਏ ਹਨ।